02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬੈਂਕ ਡਕੈਤੀ ਦੇ ਮਾਮਲੇ ’ ਚ ਤਿੰਨ ਮੁਲਜ਼ਮਾਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹਰ ਮੁਲਜ਼ਮ ਨੂੰ 10-10 ਹਜ਼ਾਰ ਜੁਰਮਾਨਾ ਲਗਾਇਆ

ਐੱਸ. ਏ.

ਅਜੀਤ ਡੈਸਕ 02-09-2026
ਐੱਸ. ਏ. ਐੱਸ. ਨਗਰ, 1 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-3ਏ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਜੂਨ 2020 ਦੌਰਾਨ ਹੋਈ ਡਕੈਤੀ ਦੇ ਮਾਮਲੇ ਵਿਚ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲਾਂ ਦੀ ਕੈਦ ਅਤੇ 10-10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਥਾਣਾ ਮਟੌਰ ਵਿਖੇ 17 ਜੂਨ 2020 ਨੂੰ ਆਈ. ਪੀ. ਸੀ. ਦੀ ਧਾਰਾ 392 ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤੇ ਚਲਾਨ ਅਨੁਸਾਰ ਮੁਕੱਦਮੇ ‘ਚ ਸੰਦੀਪ ਖੁਰਮੀ ਉਰਫ ਸੰਨੀ, ਸੋਨੂੰ ਅਤੇ ਰਵੀ ਕੁਠਾਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਜਾਂਚ ਮੁਤਾਬਿਕ 17 ਜੂਨ 2020 ਨੂੰ ਮੁਹਾਲੀ ਦੇ ਫੇਜ਼-3ਏ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਨਕਾਬਪੋਸ਼ ਵਿਅਕਤੀ ਦਾਖ਼ਲ ਹੋਏ ਸਨ, ਜਿਨ੍ਹਾਂ ‘ਚੋਂ ਇਕ ਨੇ ਨੀਲੇ ਰੰਗ ਦੀ ਕਮੀਜ਼ ਪਹਿਨੀ ਹੋਈ ਸੀ, ਜਦਕਿ ਦੂਜੇ ਨੇ ਟੋਪੀ ਪਹਿਨੀ ਹੋਈ ਸੀ ਅਤੇ ਦੋਵਾਂ ਨੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ। ਮੁਲਜ਼ਮਾਂ ਨੇ ਬੈਂਕ ਸਟਾਫ਼ ਨੂੰ ਡਰਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਡਕੈਤੀ ਦੌਰਾਨ ਵਰਤੇ ਗਏ ਕੱਪੜੇ ਅਤੇ ਲੁੱਟੀ ਗਈ ਰਕਮ ‘ਚੋਂ 50 ਹਜ਼ਾਰ, 51 ਹਜ਼ਾਰ ਅਤੇ 50 ਹਜ਼ਾਰ ਰੁ. ਦੀ ਬਰਾਮਦਗੀ ਕੀਤੀ ਗਈ। ਬਰਾਮਦਗੀ ਸੰਬੰਧੀ ਪੁਲਿਸ ਵਲੋਂ ਵੱਖ-ਵੱਖ ਫਰਦਾਂ ਤਿਆਰ ਕਰਕੇ ਸਾਮਾਨ ਨੂੰ ਕੇਸ ਪ੍ਰਾਪਰਟੀ ਵਜੋਂ ਕਬਜ਼ੇ ‘ਚ ਲੈ ਲਿਆ ਗਿਆ। ਮਾਮਲੇਦੀ ਜਾਂਚ ਦੌਰਾਨ ਇਕ ਹੋਰ ਵਿਅਕਤੀ ਮੁਕੇਸ਼ ਕੁਮਾਰ ਨੂੰ ਵੀ ਮਾਮਲੇ ‘ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਗਹਿਰਾਈ ਨਾਲ ਕੀਤੀ ਜਾਂਚ ਦੌਰਾਨ ਉਸ ਦੀ ਮਾਮਲੇ ਵਿਚ ਸ਼ਮੂਲੀਅਤ ਸਾਹਮਣੇ ਨਾ ਆਉਣ ‘ਤੇ ਉਸ ਨੂੰ ਹਿਰਾਸਤ ਵਿਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਪੁਲਿਸ ਨੇ ਤਫ਼ਤੀਸ਼ ਮੁਕੰਮਲ ਕਰਨ ਉਪਰੰਤ ਸੰਦੀਪ ਖੁਰਮੀ, ਸੋਨੂੰ ਅਤੇ ਰਵੀ ਕੁਠਾਰੀ ਖ਼ਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਅੱਜ ਮਾਮਲੇ ਦੀ ਸੁਣਵਾਈ ਸਮਾਪਤ ਹੋਣ ਉਪਰੰਤ ਅਦਾਲਤ ਵਲੋਂ ਤਿੰਨਾਂ ਮੁਲਜ਼ਮਾਂ ਨੂੰ ਆਈ. ਪੀ. ਸੀ. ਦੀ ਧਾਰਾ 392 ਤਹਿਤ 3-3 ਸਾਲਾਂ ਦੀ ਸਜ਼ਾ ਅਤੇ 10-10 ਹਜ਼ਾਰ ਰੁ. ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਗਏ।
ਪਿਛਲੀ ਖ਼ਬਰ ਮੁਬਾਰਿਕਪੁਰ ਰੇਲਵੇ ਅੰਡਰਪਾਥ ’ ਚ ਮਿਕਚਰ ਟਰੱਕ ਫਸਣ ਕਾਰਨ ਲੱਗਿਆ ਜਾਮ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਮਿਕਚਰ ਟਰੱਕਾਂ ’ਤੇ... ਅਗਲੀ ਖ਼ਬਰ ਮੀਤ ਹੇਅਰ ਵਲੋਂ ਸ਼ੇਰ - ਏ - ਪੰਜਾਬ ਟੀ -20 ਲੀਗ ਲਈ ਦਰਸ਼ਕਾਂ ਵਾਸਤੇ ਯੁਵਰਾਜ ਸਿੰਘ ਸਟੈਂਡ ’ ਚ ਮੁਫ਼ਤ ਦਾਖ਼ਲੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।