ਸੈਕਟਰ-28 ਦੇ ਘਰ ’ਚੋਂ 11 ਲੱਖ ਦੀ ਨਕਦੀ ਤੇ ਹੀਰੇ-ਸੋਨੇ ਦੇ ਗਹਿਣੇ ਚੋਰੀ
ਰਸੋਈਏ ਨੇ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ, ਖਾਣੇ
’ਚ ਨਸ਼ੀਲਾ ਪਦਾਰਥ ਮਿਲਾਉਣ ਦਾ ਦੋਸ਼, ਦੋਵੇਂ ਮੁਲਜ਼ਮ ਫਰਾਰ
ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)-ਸੈਕਟਰ-28 ਡੀ ਸਥਿਤ ਇਕ ਘਰ ’ਚ ਰਸੋਈਏ ਵਲੋਂ ਆਪਣੇ ਇਕ ਸਾਥੀ ਨਾਲ ਮਿਲ ਕੇ ਕਥਿਤ ਤੌਰ ’ਤੇ ਘਰ ਦੇ ਮੈਂਬਰਾਂ ਅਤੇ ਨੌਕਰਾਂ ਨੂੰ ਖਾਣੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰਨ ਉਪਰੰਤ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਰਸੋਈਏ ਹੇਮੰਤ ਥਾਪਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੰਗਲਵਾਰ ਰਾਤ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)-ਸੈਕਟਰ-28 ਡੀ ਸਥਿਤ ਇਕ ਘਰ ’ਚ ਰਸੋਈਏ ਵਲੋਂ ਆਪਣੇ ਇਕ ਸਾਥੀ ਨਾਲ ਮਿਲ ਕੇ ਕਥਿਤ ਤੌਰ ’ਤੇ ਘਰ ਦੇ ਮੈਂਬਰਾਂ ਅਤੇ ਨੌਕਰਾਂ ਨੂੰ ਖਾਣੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰਨ ਉਪਰੰਤ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਰਸੋਈਏ ਹੇਮੰਤ ਥਾਪਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੰਗਲਵਾਰ ਰਾਤ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਜਤੇਸ਼ ਬੱਸੀ ਨੇ ਦੱਸਿਆ ਕਿ 14 ਅਗਸਤ ਨੂੰ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਘਰ ਤੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਘਰ ’ਚ ਉਸ ਦੀ ਮਾਤਾ, 72 ਸਾਲਾ ਨੌਕਰ ਸ਼ਿਵ ਰਾਮ, 20 ਸਾਲਾ ਨੌਕਰਾਣੀ ਅਨੂ ਅਤੇ ਰਸੋਈਆ ਹੇਮੰਤ ਥਾਪਾ ਮੌਜੂਦ ਸਨ। ਹੇਮੰਤ ਨੂੰ ਰਸੋਈਏ ਵਜੋਂ 17 ਜੁਲਾਈ ਨੂੰ ਰੱਖਿਆ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਹੇਮੰਤ ਨੇ ਦੁਪਹਿਰ ਕਰੀਬ 2.35 ਵਜੇ ਘਰ ’ਚ ਖਾਣਾ ਤਿਆਰ ਕਰਕੇ ਮਾਂ, ਸ਼ਿਵ ਰਾਮ ਅਤੇ ਅਨੂ ਨੂੰ ਖਾਣਾ ਦਿੱਤਾ। ਦੋਸ਼ ਹੈ ਕਿ ਖਾਣੇ ’ਚ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਖਾਣਾ ਖਾਣ ਤੋਂ ਬਾਅਦ ਤਿੰਨਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਹੇਮੰਤ ਕਰੀਬ 3.49 ਵਜੇ ਇਕ ਹੋਰ ਵਿਅਕਤੀ ਨੂੰ ਨਾਲ ਲੈ ਕੇ ਘਰ ਦੇ ਅੰਦਰ ਦਾਖ਼ਲ ਹੋਇਆ। ਦਰਜ ਐੱਫ.ਆਈ.ਆਰ ਦੇ ਵੇਰਵਿਆਂ ਮੁਤਾਬਕ ਮੁਲਜ਼ਮਾਂ ਨੇ ਲੋਹੇ ਦੀ ਰਾਡ ਦੀ ਮਦਦ ਨਾਲ ਬੈੱਡ ਅਤੇ ਬਕਸੇ ਤੋੜ ਕੇ ਹੀਰੇ ਅਤੇ ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ ਅਤੇ ਨਕਦੀ ਚੋਰੀ ਕੀਤੀ। ਚੋਰੀ ਹੋਏ ਸਾਮਾਨ ’ਚ ਦੋ ਜੋੜੇ ਡਾਇਮੰਡ ਬੈਂਗਲਜ਼, ਸੋਲੀਟੇਅਰ ਡਾਇਮੰਡ ਈਅਰਰਿੰਗਜ਼, ਡਾਇਮੰਡ ਰਿੰਗਾਂ, ਬਰੇਸਲੈੱਟ, ਈਅਰਰਿੰਗਜ਼ ਅਤੇ ਹੋਰ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਸਿਟੀਜ਼ਨ ਅਤੇ ਐਲਡੋ ਬ੍ਰਾਂਡ ਦੀਆਂ ਘੜੀਆਂ ਸ਼ਾਮਲ ਹਨ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਸ਼ਿਕਾਇਤਕਰਤਾ ਦੀ ਮਾਤਾ ਦੇ ਬੈੱਡਰੂਮ ’ਚੋਂ 7 ਲੱਖ ਰੁਪਏ ਅਤੇ ਜਤੇਸ਼ ਦੇ ਭਰਾ ਦੇ ਬੈੱਡਰੂਮ ’ਚੋਂ 4 ਲੱਖ ਰੁਪਏ, ਭਾਵ ਕੁੱਲ 11 ਲੱਖ ਰੁਪਏ ਨਕਦ ਵੀ ਲੈ ਗਏ। ਵਾਰਦਾਤ ਤੋਂ ਬਾਅਦ ਦੋਵੇਂ ਵਿਅਕਤੀ ਕਰੀਬ 4.31 ਵਜੇ ਘਰ ਤੋਂ ਫਰਾਰ ਹੋ ਗਏ। ਜਦੋਂ ਪਰਿਵਾਰਕ ਮੈਂਬਰ ਘਰ ਪਰਤੇ ਤਾਂ ਘਰ ਅੰਦਰ ਮਾਂ ਅਤੇ ਨੌਕਰ ਸ਼ਿਵ ਰਾਮ ਬੇਹੋਸ਼ ਪਏ ਮਿਲੇ। ਇਸ ਤੋਂ ਬਾਅਦ 112 ’ਤੇ ਸੂਚਨਾ ਦਿੱਤੀ ਗਈ ਅਤੇ ਘਰੇ ਮੌਜੂਦ ਵਿਅਕਤੀਆਂ ਨੂੰ ਇਲਾਜ ਲਈ ਜੀ.ਐੱਮ.ਐੱਸ.ਐੱਚ.-16 ਲਿਜਾਇਆ ਗਿਆ। ਪੁਲਿਸ ਅਨੁਸਾਰ ਤਿੰਨਾਂ ਨੂੰ ਇਲਾਜ ਤੋਂ ਬਾਅਦ 16 ਅਗਸਤ ਨੂੰ ਛੁੱਟੀ ਮਿਲ ਗਈ। ਥਾਣਾ ਈਸਟ ਸੈਕਟਰ-26 ਦੀ ਪੁਲਿਸ ਨੇ ਜਤੇਸ਼ ਬੱਸੀ ਦੇ ਬਿਆਨ ਦੇ ਆਧਾਰ ’ਤੇ ਧਾਰਾ 123, 306 ਅਤੇ 3(5) ਬੀ.ਐੱਨ.ਐੱਸ. ਤਹਿਤ ਐੱਫ.ਆਈ.ਆਰ ਦਰਜ ਕਰ ਲਈ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।