ਐੱਸ. ਏ. ਐੱਸ. ਨਗਰ, 5 ਅਗਸਤ (ਕਪਿਲ ਵਧਵਾ)-ਆਸਟ੍ਰੇਲੀਆ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁ. ਦੀ ਠੱਗੀ ਮਾਰਨ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਨਾਮੀ ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਆਈ. ਟੀ. ਸਿਟੀ ਵਿਖੇ ਸਰਬਜੀਤ ਸਿੰਘ ਸੰਧੂ (ਮਾਲਕ ਸੰਧੂ ਟਰਾਂਸਪੋਰਟ ਯੂ. ਐੱਸ. ਏ. ਵਾਸੀ ਸੈਕਟਰ-82 ਮੁਹਾਲੀ) ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਗੌਰਵ ਸ਼ਰਮਾ ਵਾਸੀ ਸਨਸਿਟੀ (ਲੁਧਿਆਣਾ) ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਹੈ ਕਿ ਮੁਲਜ਼ਮ ਟਰੈਵਲ ਏਜੰਟ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ, ਉਸ ਦੀ ਭੈਣ ਅਤੇ ਜੀਜੇ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਵੱਖ-ਵੱਖ ਤਰੀਕਾਂ ‘ਤੇ ਕੁੱਲ 26 ਲੱਖ ਰੁ. ਹਾਸਿਲ ਕੀਤੇ ਸਨ। ਇਸ ਤੋਂ ਬਾਅਦ ਮੁਲਜ਼ਮ ਵਲੋਂ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਅਤੇ ਜਹਾਜ਼ ਦੀਆਂ ਟਿਕਟਾਂ ਦੀਆਂ ਕਾਪੀਆਂ ਦਿੱਤੀਆਂ ਗਈਆਂ, ਜੋ ਕਿ ਬਾਅਦ ਵਿਚ ਜਾਂਚ ਕਰਨ ‘ਤੇ ਜਾਅਲੀ ਨਿਕਲੀਆਂ। ਠੱਗੀ ਦਾ ਪਤਾ ਚੱਲਣ ‘ਤੇ ਜਦੋਂ ਉਨ੍ਹਾਂ ਵਲੋਂ ਪੈਸੇ ਵਾਪਸ ਮੰਗੇ ਗਏ ਤਾਂ ਮੁਲਜ਼ਮਾਂ ਨੇ ਪੁਲਿਸ ਕਾਰਵਾਈ ਦੇ ਡਰੋਂ 17.50 ਲੱਖ ਰੁ. ਤਾਂ ਵਾਪਸ ਕਰ ਦਿੱਤੇ, ਪਰ ਬਾਕੀ ਰਹਿੰਦੀ 8.50 ਲੱਖ ਰੁ. ਦੀ ਰਕਮ ਵਾਪਸ ਕਰਨ ਤੋਂ ਟਾਲ-ਮਟੋਲ ਕਰਨ ਲੱਗ ਪਏ। ਅਧਿਕਾਰੀਆਂ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਐੱਸ. ਐੱਸ. ਪੀ. ਮੁਹਾਲੀ ਦੇ ਹੁਕਮਾਂ ‘ਤੇ ਥਾਣਾ ਆਈ. ਟੀ. ਸਿਟੀ ਵਿਖੇ ਮੁਲਜ਼ਮ ਸਰਬਜੀਤ ਸਿੰਘ ਸੰਧੂ ਵਿਰੁੱਧ ਧਾਰਾ 406, 420 ਆਈ. ਪੀ. ਸੀ. ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਸਰਬਜੀਤ ਸੰਧੂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਠੱਗੀ ਦੇ ਕਈ ਮਾਮਲੇ ਦਰਜ ਹਨ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।