ਐੱਸ. ਏ. ਐੱਸ. ਨਗਰ, 4 ਅਗਸਤ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀ. ਬੀ. ਐੱਸ. ਏ.)-ਸੀ. ਜੀ. ਸੀ. ਲਾਂਡਰਾਂ ਦੇ ਦੋ ਵਿਦਿਆਰਥੀਆਂ ਹਰਸ਼ ਸਿੰਗਲਾ ਅਤੇ ਧਰੁਵ ਨੂੰ ਰਾਸ਼ਟਰੀ ਪੱਧਰ ਦੇ ਕੈਂਪਸ ਅੰਬੈਸਡਰ ਪ੍ਰੋਗਰਾਮਾਂ ਲਈ ਚੁਣਿਆ ਗਿਆ ਹੈ, ਜੋ ਕਿ ਸੰਸਥਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬੀ. ਐੱਸ. ਸੀ.-ਏ. ਆਈ. ਅਤੇ ਐੱਮ. ਐੱਲ. ਦੀ ਪੜ੍ਹਾਈ ਕਰ ਰਹੇ ਹਰਸ਼ ਸਿੰਗਲਾ ਨੂੰ ਆਈ. ਆਈ. ਟੀ. ਬੰਬੇ ਦੇ ਐਂਟਰਪ੍ਰਨਿਓਰਸ਼ਿਪ ਸੈੱਲ (ਈ-ਸੈੱਲ) ਲਈ ਕੈਂਪਸ ਅੰਬੈਸਡਰ ਵਜੋਂ ਚੁਣਿਆ ਗਿਆ ਹੈ। ਇਸ ਅਹੁਦੇ ‘ਤੇ ਰਹਿੰਦਿਆਂ ਉਹ ਨੈਸ਼ਨਲ ਇੰਟਰਪ੍ਰਨਿਊਰਸ਼ਿਪ ਚੈਲੰਜ (ਐਨ. ਈ. ਸੀ.)-2026 ‘ਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਅਗਵਾਈ ਕਰੇਗਾ। ਇਹ ਇਕ ਰਾਸ਼ਟਰ ਪੱਧਰ ਦੀ ਪਹਿਲ ਹੈ, ਜਿਸ ਦਾ ਉਦੇਸ਼ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਵਿੱਦਿਅਕ ਸੰਸਥਾਵਾਂ ‘ਚ ਨਵੀਨਤਾ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੈ। ਉਹ ਈ-ਸੈੱਲ ਆਈ. ਆਈ. ਟੀ. ਬੰਬੇ ਅਤੇ ਸੀ. ਬੀ. ਐੱਸ. ਏ.-ਸੀ. ਜੀ. ਸੀ. ਲਾਂਡਰਾ ਵਿਚਕਾਰ ਇਕ ਕੜੀ ਵਜੋਂ ਕੰਮ ਕਰਦੇ ਹੋਏ ਵਿਦਿਆਰਥੀਆਂ ਨੂੰ ਉੱਦਮਤਾ ਸੰਬੰਧੀ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗਾ। ਇਸੇ ਤਰ੍ਹਾਂ ਬੀ. ਐੱਸ. ਸੀ.-ਏ. ਆਈ. ਅਤੇ ਐੱਮ. ਐੱਲ. ਦੇ ਹੀ ਵਿਦਿਆਰਥੀ ਧਰੁਵ ਦੀ ਗੂਗਲ ਸਟੂਡੈਂਟ ਅੰਬੈਸਡਰ-2026 ਵਜੋਂ ਚੋਣ ਹੋਈ ਹੈ। ਇਸ ਅਹੁਦੇ ਦੇ ਚਲਦਿਆਂ ਉਹ ਕੈਂਪਸ ‘ਚ ਗੂਗਲ ਦੀਆਂ ਏ. ਆਈ. ਪਹਿਲਕਦਮੀਆਂ ਖਾਸ ਕਰਕੇ ਜੇਮਿਨਾਈ ਦੀ ਨੁਮਾਇੰਦਗੀ ਕਰੇਗਾ ਅਤੇ ਤਕਨਾਲੋਜੀ ਜਾਗਰੂਕਤਾ, ਵਰਕਸ਼ਾਪਾਂ, ਪ੍ਰਦਰਸ਼ਨਾਂ ਅਤੇ ਵਿਦਿਆਰਥੀ ਸ਼ਮੂਲੀਅਤ ਗਤੀਵਿਧੀਆਂ ‘ਚ ਯੋਗਦਾਨ ਪਾਵੇਗਾ। ਉਸ ਦੀਆਂ ਜ਼ਿੰਮੇਵਾਰੀਆਂ ‘ਚ ਗੂਗਲ ਏ. ਆਈ. ਟੂਲਸ ‘ਤੇ ਸਿਖਲਾਈ ਸੈਸ਼ਨਾਂ ਦਾ ਪ੍ਰਬੰਧ ਕਰਨਾ, ਵਿਦਿਆਰਥੀਆਂ ‘ਚ ਜਾਗਰੂਕਤਾ ਪੈਦਾ ਕਰਨਾ, ਤਕਨਾਲੋਜੀ ਕੇਂਦਰਿਤ ਭਾਈਚਾਰਿਆਂ ਦਾ ਨਿਰਮਾਣ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਸੰਬੰਧਿਤ ਪਹਿਲਕਦਮੀਆਂ ‘ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹੋਵੇਗਾ। ਦੋਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਸੀ. ਬੀ. ਐੱਸ. ਏ.- ਸੀ. ਜੀ. ਸੀ. ਲਾਂਡਰਾਂ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਰਮਨਦੀਪ ਸੈਣੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ, ਪਹਿਲਕਦਮੀ ਅਤੇ ਉੱਤਮਤਾ ਹਾਸਿਲ ਕਰਨ ਦੇ ਜਜ਼ਬੇ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਆਪਣੇ ਵਿਦਿਆਰਥੀ ਅਜਿਹੇ ਉੱਚ ਰਾਸ਼ਟਰੀ ਪ੍ਰੋਗਰਾਮਾਂ ‘ਚ ਚੁਣੇ ਜਾ ਰਹੇ ਹਨ , ਜੋ ਕਿ ਉਨ੍ਹਾਂ ਨੂੰ ਨਵੀਨਤਾ, ਉੱਦਮਤਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਖੇਤਰ ‘ਚ ਕੀਮਤੀ ਤਜ਼ਰਬਾ ਅਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਦੇ ਹਨ। ਅੰਤ ‘ਚ ਉਨ੍ਹਾਂ ਹਰਸ਼ ਅਤੇ ਧਰੁਵ ਨੂੰ ਨਵੀਂਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।