04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਾਨ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ’ਚ ਲੇਬਰ ਸੈੱਸ ਦਾ ਫ਼ੰਡ ਵਰਤਿਆ : ਐੱਨ. ਕੇ. ਸ਼ਰਮਾ

ਅਜੀਤ ਡੈਸਕ 30-07-2026
ਖਰੜ, 29 ਜੁਲਾਈ (ਜੰਡਪੁਰੀ)-ਮੌਜੂਦਾ ਮਾਨ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ‘ਚ ਲੇਬਰ ਸੈੱਸ ਦਾ ਫ਼ੰਡ ਵਰਤਿਆ ਹੈ, ਜਦਕਿ ਹੜ੍ਹਾਂ ‘ਚ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਵਰਤੇ ਜਾਣ ਵਾਲੇ ਫ਼ੰਡ ਦੀ ਵੀ ਦੁਰਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਸੂਬੇ ਸਿਰ 5 ਲੱਖ ਕਰੋੜ ਰੁ. ਕਰਜ਼ਾ ਹੋ ਗਿਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਖ਼ਜ਼ਾਨਚੀ ਅਤੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਤੇ ਜ਼ਿਲ੍ਹਾ ਮੁਹਾਲੀ ਦੇ ਅਬਜ਼ਰਵਰ ਐੱਨ. ਕੇ. ਸ਼ਰਮਾ ਨੇ ਸਥਾਨਕ ਐਨ. ਆਰ. ਆਈ. ਕਾਲੋਨੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਜਾਰੀ ‘ਬੋਲੇਗਾ ਖਰੜ, ਬਦਲੇਗਾ ਖਰੜ’ ਪੈਦਲ ਮਾਰਚ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦਾ ਵਿਕਾਸ ਬਜਟ ਪਲਾਨ ਤਿਆਰ ਕਰਕੇ ਕੀਤਾ ਸੀ, ਨਾ ਕਿ ਹੋਰਨਾਂ ਸਕੀਮਾਂ ਦੇ ਫ਼ੰਡਾਂ ਨੂੰ ਤਬਦੀਲ ਕਰਕੇ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਸੂਬੇ ‘ਚ ਸੜਕਾਂ, ਸਟੇਡੀਅਮ, ਥਰਮਲ ਪਲਾਂਟ, ਮੈਡੀਸਿਟੀ ਪਾਰਕ, ਹਸਪਤਾਲ ਤੇ ਟਾਟਾ ਕੈਂਸਰ ਹਸਪਤਾਲ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਾਜੈਕਟ ਲਿਆਂਦੇ ਸਨ, ਜਿਨ੍ਹਾਂ ਦਾ ਸੂਬਾ ਵਾਸੀ ਅੱਜ ਵੀ ਲਾਭ ਉੱਠਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੇਕਰ ਪੰਜਾਬ ‘ਚ ਥਰਮਲ ਪਲਾਂਟ ਸਥਾਪਿਤ ਕਰਕੇ ਬਿਜਲੀ ਸਰਪਲਸ ਨਾ ਕਰਦੇ ਤਾਂ ਅੱਜ ਲੋਕਾਂ ਨੂੰ ਬਿਜਲੀ ਲਈ ਵੀ ਤਰਸਣਾ ਪੈਣਾ ਸੀ। ਉਨ੍ਹਾਂ ਕਿਹਾ ਕਿ ਅੱਜ ਜੇਕਰ ਕਿਧਰੇ ਕੋਈ ਛੋਟੀ-ਮੋਟੀ ਸੜਕ ਵੀ ਬਣਾਉਣੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗ ਜਾਂਦੀ ਹੈ, ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਸਵੀਰਾਂ ਲਗਾਉਣ ਵੱਲ ਨਹੀਂ, ਸਗੋਂ ਹਮੇਸ਼ਾ ਪੰਜਾਬ ਦੇ ਵਿਕਾਸ ਵੱਲ ਧਿਆਨ ਦਿੱਤਾ ਸੀ। ਇਸੇ ਦੌਰਾਨ ਐੱਨ. ਕੇ. ਸ਼ਰਮਾ ਨੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਸਰਕਾਰਾਂ ਹਮੇਸ਼ਾ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਂਅ ‘ਤੇ ਲੜਾ ਕੇ ਵੋਟਾਂ ਬਟੋਰਦੀਆਂ ਆਈਆਂ ਹਨ, ਜਦਕਿ ਕਿਸੇ ਨੇ ਵੀ ਪੰਜਾਬ ਦੀ ਭਲਾਈ ਲਈ ਕੰਮ ਨਹੀਂ ਕੀਤਾ। ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਉਨ੍ਹਾਂ ਨੇ ਪੈਦਲ ਮਾਰਚ ਦੌਰਾਨ ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਹਿਰ ਦੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਵੀ ਉਨ੍ਹਾਂ ਦੀ ਮੁਹਿੰਮ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਮਨ ਸ਼ਰਮਾ ਯੂਥ ਅਕਾਲੀ ਆਗੂ, ਹਰਸਿਮਰਨ ਸਿੰਘ ਬਿੰਨੀ, ਦਿਲਬਾਗ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਬਲਵਿੰਦਰ ਸਿੰਘ ਪਟਵਾਰੀ ਬਲਾਕ ਪ੍ਰਧਾਨ, ਮਾਨ ਸਿੰਘ ਸੈਣੀ, ਅਮਨਦੀਪ ਅੰਮੂ, ਐਡਵੋਕੇਟ ਖੜਕ ਸਿੰਘ ਅਤੇ ਐਡਵੋਕੇਟ ਰੰਗੀਲਾ ਸਮੇਤ ਭਾਰੀ ਗਿਣਤੀ ‘ਚ ਐਨ. ਆਰ. ਈ. ਕਾਲੋਨੀ ਦੀ ਵਸਨੀਕ ਹਾਜ਼ਰ ਸਨ।
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵਿਕਾਸ ਭਵਨ ਵਿਖੇ ਸੂਬਾ ਪੱਧਰੀ ਰੋਸ ਧਰਨਾ ਅਗਲੀ ਖ਼ਬਰ ਮਾਮਲਾ ਡੇਰਾਬੱਸੀ ਦੇ ਪਿੰਡ ਕਕਰਾਲੀ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਵਿਜੀਲੈਂਸ ਵਲੋਂ ਐਸ. ਡੀ. ਓ. ਦੀ ਗ੍ਰਿਫ਼ਤਾਰੀ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।