ਚੱਲ ਰਹੀਆਂ ਐਡਮਿਸ਼ਨਾਂ ਦੌਰਾਨ ਬੂਥ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ‘ਸੱਥ’ ਤੇ ‘ਏ. ਬੀ. ਵੀ. ਪੀ.’ ਹੋਈਆਂ ਆਹਮੋ-ਸਾਹਮਣੇ
ਅਜੀਤ ਡੈਸਕ
18-07-2026
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦੀਆਂ ਚੱਲ ਰਹੀਆਂ ਐਡਮਿਸ਼ਨਾਂ ਦੌਰਾਨ ਮਹੌਲ ਉਸ ਸਮੇਂ ਗਰਮਾ ਗਿਆ ਜਦੋਂ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਦੂਸਰੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਵਿਰੁੱਧ ਇੱਕ ਪਾਸੜ ਹੋ ਕੇ ਚੱਲਣ ਵਿਰੁੱਧ ਭਾਰੀ ਪੁਲਿਸ ਬਲ ਦੇ ਸਾਹਮਣੇ ਭਾਰੀ ਰੋਸ ਪ੍ਰਗਟ ਕੀਤਾ। ਇਸ ਮੌਕੇ ‘ਸੱਥ’ ਦੇ ਮੈਂਬਰ ਅਤੇ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸਮੀਤ ਸਿੰਘ ਨੇ ਦੱਸਿਆ ਕਿ ਦਾਖਲਾ ਕੌਂਸਲਿੰਗ ਵਿਚ ਆਰ.ਐਸ.ਐਸ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਨੇ ਇੱਕ ਬੂਥ ਲਗਵਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਬੂਥ ਲਗਵਾਉਣ ਤੋਂ ਰੋਕ ਲਗਾਈ ਗਈ ਹੈ। ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਇਸ ਰਵੱਈਏ ਦਾ ਇਤਰਾਜ਼ ਯੂਨੀਵਰਸਿਟੀ ਪ੍ਰਸ਼ਾਸਨ ਸਾਹਮਣੇ ਰੱਖਿਆ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ‘ਸੱਥ’ ਨੂੰ ਬਾਰ-ਬਾਰ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਅੰਤ ਵਿਚ ਜੱਥੇਬੰਦੀ ‘ਸੱਥ’ ਨੇ ਆਪਣੇ ਪੱਧਰ ’ਤੇ ਕਾਰਵਾਈ ਕਰਕੇ ਇਹ ਬੂਥ ਨੂੰ ਹਟਵਾਇਆ ਗਿਆ। ਇਸ ਸਬੰਧੀ ਜਦੋਂ ਅਸੀਂ ਗੱਲਬਾਤ ਏ. ਬੀ. ਵੀ. ਪੀ. ਜੱਥੇਬੰਦੀ ਦੇ ਇਕਾਈ ਪ੍ਰਧਾਨ ਅਸੀਸ਼ ਸ਼ਰਮਾ ਨਾਲ ਕੀਤੀ ਤਾਂ ਉਨ੍ਹਾਂ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਬੀ.ਵੀ.ਪੀ ਦਾ ਇਹ ਹੈਲਪ ਡੈਸਕ ਕਿਸੇ ਇਕ ਸੰਗਠਨ ਦਾ ਨਹੀਂ, ਸਗੋਂ ਹਰ ਉਸ ਵਿਦਿਆਰਥੀ ਦਾ ਹੈ ਜੋ ਕਾਊਂਸਲਿੰਗ ਲਈ ਇੱਥੇ ਆਇਆ ਹੈ। ]
ਇਸ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ ਹੈ। ਇਸ ਸੇਵਾ ਵਿਚ ਰੁਕਾਵਟ ਪੈਦਾ ਕਰਨਾ ਸਿੱਧੇ ਤੌਰ ’ਤੇ ਵਿਦਿਆਰਥੀਆਂ ਦੇ ਹਿੱਤਾਂ ਦੇ ਵਿਰੁੱਧ ਹੈ। ਕੁਝ ਵਿਦਿਆਰਥੀ ਸੰਗਠਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਅਜਿਹੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ’ਤੇ ਰਾਜਨੀਤਿਕ ਪ੍ਰਚਾਰ ਦਾ ਸਾਧਨ ਬਣਾ ਰਹੇ ਹਨ।