25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮੌਤ ਦਾ ਹਾਈਵੇਅ ਬਣਿਆ ਜ਼ੀਰਕਪੁਰ ਪੀ. ਆਰ.-7 ਰਿੰਗ ਰੋਡ, ਪੌਣੇ 4 ਕਿੱਲੋਮੀਟਰ ’ਚ 11 ਨਾਜਾਇਜ਼ ਲਾਂਘੇ

ਅਜੀਤ ਡੈਸਕ 09-07-2026
ਜ਼ੀਰਕਪੁਰ, 8 ਜੁਲਾਈ (ਹੈਪੀ ਪੰਡਵਾਲਾ)- ਦਿਨੋਂ ਦਿਨ ਵਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਮੂਕ ਦਰਸ਼ਕ ਬਣੇ ਹੋਏ ਹਨ ਅਤੇ ਕੋਈ ਸਖ਼ਤ ਕਾਰਵਾਈ ਅਮਲ ‘ਚ ਨਹੀਂ ਲਿਆਂਦੀ ਜਾ ਰਹੀ। ਜ਼ਿਲ੍ਹੇ ਦੀਆਂ ਸੜਕਾਂ ‘ਤੇ ਕਈ ਥਾਵਾਂ ਅਜਿਹੀਆਂ ਹਨ, ਜਿਥੇ ਲੋਕਾਂ ਨੇ ਆਪਣੀ ਨਿੱਜੀ ਸਹੂਲਤ ਮੁਤਾਬਿਕ ਨਾਜਾਇਜ਼ ਲਾਂਘੇ ਬਣਾਏ ਹੋਏ ਹਨ, ਜੋ ਕਿ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸਥਾਨਕ ਢਿੱਲੋਂ ਪਲਾਜਾ ਤੋਂ ਹਵਾਈ ਅੱਡੇ ਵੱਲ ਜਾਂਦੀ ਸੜਕ ਜਿਸ ਨੂੰ 200 ਫੁੱਟੀ ਰਿੰਗ ਰੋਡ ਪੀ. ਆਰ-7 ਵੀ ਕਿਹਾ ਜਾਂਦਾ ਹੈ, ‘ਤੇ ਕਈ ਕਾਰੋਬਾਰੀਆਂ ਵਲੋਂ ਆਪਣੀ ਸਹੂਲਤ ਲਈ ਡਿਵਾਈਡਰ ਕੱਟ ਕੇ ਦਰਜਨ ਦੇ ਕਰੀਬ ਲਾਂਘੇ ਬਣਾਏ ਗਏ ਹਨ, ਜਿਹੜੇ ਹਰ ਵੇਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਛੱਤ ਲਾਈਟ ਪੁਆਇੰਟ ਤੋਂ ਜ਼ੀਰਕਪੁਰ-ਅੰਬਾਲਾ ਹਾਈਵੇਅ ਤੱਕ 3.76 ਕਿੱਲੋਮੀਟਰ ਦੇ ਹਿੱਸੇ ‘ਚ ਹੀ ਕਰੀਬ 11 ਨਾਜਾਇਜ਼ ਲਾਂਘੇ ਬਣੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਪਹਿਲਾਂ 12 ਸੀ। ਪਿੱਛੇ ਜਿਹੇ ਲੋਕਾਂ ਵਲੋਂ ਸ਼ਿਕਾਇਤਾਂ ਕਰਨ ‘ਤੇ ਪ੍ਰਸ਼ਾਸਨ ਨੇ ਡਿਵਾਈਡਰ ਦੇ ਵਿਚਕਾਰ ਖੱਡੇ ਪੁੱਟ ਕੇ ਕੁਝ ਨਾਜਾਇਜ਼ ਲਾਂਘੇ ਬੰਦ ਵੀ ਕਰ ਦਿੱਤੇ ਸਨ, ਪਰ ਕਾਰੋਬਾਰੀ ਇਨ੍ਹਾਂ ਖੱਡਿਆਂ ਨੂੰ ਪੂਰ ਕੇ ਦੁਬਾਰਾ ਰਸਤਾ ਬਣਾ ਲੈਂਦੇ ਹਨ। ਪਹਿਲਾਂ ਗਮਾਡਾ ਅਤੇ ਹੁਣ ਐੱਨ. ਐੱਚ. ਆਈ. ਦੇ ਅਧੀਨ ਆਉਂਦੀ ਇਸ ਸੜਕ ‘ਤੇ ਸ਼ਰਾਬ ਦੇ ਠੇਕਿਆਂ, ਢਾਬਿਆਂ ਤੇ ਪੈਟਰੋਲ ਪੰਪਾਂ ਨੇੜੇ ਇਹ ਕੱਟ ਆਮ ਦੇਖੇ ਜਾ ਸਕਦੇ ਹਨ। ਸੜਕ ਸਾਫ਼ ਅਤੇ ਚੌੜੀ ਹੋਣ ਕਾਰਨ ਇਸ ‘ਤੇ ਵਾਹਨਾਂ ਦੀ ਰਫ਼ਤਾਰ ਵੀ ਤੇਜ਼ ਹੁੰਦੀ ਹੈ, ਪਰ ਨਾਜਾਇਜ਼ ਕੱਟਾਂ ਕਾਰਨ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸੜਕ ਤੋਂ ਰੋਜ਼ਾਨਾ ਲੰਘਦੇ ਰਾਹਗੀਰਾਂ ਨੇ ਦੱਸਿਆ ਕਿ ਪੌਣੇ 4 ਕਿੱਲੋਮੀਟਰ ‘ਚ ਹੀ ਬਣੇ ਇੰਨੇ ਨਾਜਾਇਜ਼ ਲਾਂਘਿਆਂ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਕੱਟ ਤੋਂ ਕਦੋਂ ਕੋਈ ਵਾਹਨ ਮੋੜ ਕੱਟ ਲਵੇ। ਉਨ੍ਹਾਂ ਦੱਸਿਆ ਕਿ ਸੜਕ ‘ਤੇ ਰਾਤ ਸਮੇਂ ਲਾਈਟਾਂ ਵੀ ਨਹੀਂ ਜਗਦੀਆਂ, ਜਿਸ ਕਾਰਨ ਇਥੇ ਵਾਪਰੇ ਹਾਦਸਿਆਂ ‘ਚ ਕਈ ਜਾਨਾਂ ਜਾ ਚੁੱਕੀਆਂ ਹਨ। ਰਾਹਗੀਰਾਂ ਦਾ ਕਹਿਣਾ ਹੈ ਕਿ ਇਸੇ ਸੜਕ ‘ਤੇ ਸ਼ਰਾਬ ਦੇ ਠੇਕੇ ਹੋਣ ਕਾਰਨ ਰਾਤ ਵੇਲੇ ਪਿਆਕੜ ਅਣਗਹਿਲੀ ਨਾਲ ਵਾਹਨ ਚਲਾ ਕੇ ਇਨ੍ਹਾਂ ਨਾਜਾਇਜ਼ ਰਸਤਿਆਂ ਰਾਹੀਂ ਹੀ ਆਉਂਦੇ-ਜਾਂਦੇ ਹਨ। ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਕੱਟ ਕਿਥੇ-ਕਿਥੇ ਹਨ। ਕੁਝ ਮਹੀਨੇ ਪਹਿਲਾਂ ਵਿਭਾਗ ਵਲੋਂ ਸੜਕ ‘ਤੇ ਲੁੱਕ ਪਾਈ ਗਈ ਸੀ, ਪਰ ਇਹ ਲਾਂਘੇ ਕਿਸੇ ਨੇ ਬੰਦ ਨਹੀਂ ਕੀਤੇ। ਲੋਕਾਂ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਇਹ ਨਾਜਾਇਜ਼ ਰਸਤੇ ਕਿਸ ਦੀ ਸ਼ਹਿ ‘ਤੇ ਬਣੇ ਹੋਏ ਹਨ, ਜਿਨ੍ਹਾਂ ‘ਤੇ ਵਿਭਾਗ ਦੀ ਵੀ ਨਜ਼ਰ ਨਹੀਂ ਪੈਂਦੀ ਕਿਉਂਕਿ ਇਸੇ ਸੜਕ ਰਾਹੀਂ ਰੋਜ਼ਾਨਾ ਕਈ ਵੀ. ਆਈ. ਪੀ. ਵੀ ਲੰਘਦੇ ਹਨ ਅਤੇ ਹਲਕਾ ਡੇਰਾਬੱਸੀ ਨੂੰ ਮੁਹਾਲੀ ਨਾਲ ਜੋੜਦੀ ਇਹ ਮੁੱਖ ਸੜਕ ਹੈ, ਪਰ ਕੋਈ ਅਧਿਕਾਰੀ ਜਾਂ ਰਾਜਸੀ ਆਗੂ ਇਸ ਵੱਡੀ ਸਮੱਸਿਆ ਵੱਲ ਧਿਆਨ ਨਾ ਦੇ ਕੇ ਇਥੋਂ ਆਰਾਮ ਨਾਲ ਲੰਘ ਜਾਂਦੇ ਹਨ।
ਛੇਤੀ ਬੰਦ ਹੋਣਗੇ ਸਾਰੇ ਨਾਜਾਇਜ਼ ਕੱਟ-ਪ੍ਰੋਜੈਕਟਰ ਡਾਇਰੈਕਟਰ : ਇਸ ਬਾਬਤ ਐਨ.ਐਚ.ਏ.ਆਈ. ਦੇ ਅਧਿਕਾਰੀ ਅਸੀਮ ਬਾਂਸਲ ਨੇ ਕਿਹਾ ਕਿ ਇਹ ਸਾਰੇ ਕੱਟ ਛੇਤੀ ਹੀ ਬੰਦ ਕਰਵਾ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਸੜਕ ਅਜੇ ਅਧੂਰੀ ਹੈ, ਇਸ ਨੂੰ ਪੰਚਕੂਲਾ ਨਾਲ ਜੋੜਨ ਦਾ ਕੰਮ ਨਵੰਬਰ ਮਹੀਨੇ ਹੋਵੇਗਾ। ਸੜਕ ਬਣਨ ਨਾਲ ਸਾਰੇ ਕੱਟ ਪੱਕੇ ਤੌਰ ’ਤੇ ਬੰਦ ਹੋ ਜਾਣਗੇ।
ਪਿਛਲੀ ਖ਼ਬਰ ਪਹਿਲਾ ਦਰਜਾ ਪ੍ਰਾਪਤ ਕਰਨ ’ਤੇ ਸਿੱਖਿਆ ਵਿਭਾਗ ਚੰਡੀਗੜ੍ਹ ਨੂੰ ਰਾਜਪਾਲ ਤੇ ਮੁੱਖ ਸਕੱਤਰ ਨੇ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਗੋਲਡਨ ਬੂਟ ਦੀ ਦੌੜ ’ਚ ਸ਼ਾਮਿਲ ਖਿਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।