17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਵਿਚ ਮਾਨਸੂਨ ਦੀ ਆਮਦ ਨਾਲ ਵੱਖ-ਵੱਖ ਥਾਵਾਂ ’ਤੇ ਪਿਆ ਮੀਂਹ

ਅਜੀਤ ਡੈਸਕ 02-07-2026
ਚੰਡੀਗੜ੍ਹ, 1 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਸਰਕਾਰ ਤੇ ਕਿਸਾਨਾਂ ਲਈ ਅੱਜ ਮੀਂਹ ਰਾਹਤ ਬਣ ਕੇ ਬਰਸਿਆ। ਝੋਨੇ ਦੀ ਲਵਾਈ ਦੇ ਸਮੇਂ ਕਹਿਰ ਦੀ ਗਰਮੀ, ਤਪਸ ਅਤੇ ਲੂ (ਹੀਟ ਵੇਵ) ਨੇ ਬਿਜਲੀ ਦੀ ਮੰਗ ਵਿਚ ਬੇਹਤਾਸ਼ਾ ਵਾਧਾ ਕਰ ਦਿੱਤਾ ਸੀ, ਪਰ ਅੱਜ ਸਵੇਰ ਵੇਲੇ ਵੱਖ-ਵੱਖ ਥਾਵਾਂ ’ਤੇ ਬਰਸੇ ਹਲਕੇ ਤੋਂ ਦਰਮਿਆਨੇ ਮੀਂਹ ਨੇ ਸਰਕਾਰ ਅਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਸਮੇਂ ਅਨੁਸਾਰ ਮਾਨਸੂਨ ਦੀ ਆਮਦ ਹੋ ਗਈ ਹੈ, ਜਿਸ ਦੇ ਚੱਲਦਿਆਂ ਸੂਬੇ ਵਿਚ ਅਗਲੇ 7 ਦਿਨਾਂ ਲਈ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਮਾਨਸੂਨ ਦੀ ਆਮਦ ਹੋ ਗਈ ਹੈ ਅਤੇ ਪਠਾਨਕੋਟ ਵਿਚ ਅੱਜ ਸਭ ਤੋਂ ਜ਼ਿਆਦਾ ਮੀਂਹ 61 ਮਿਲੀਮੀਟਰ ਪਿਆ। ਜਦੋਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਰੂਪਨਗਰ, ਐੱਸ. ਏ. ਐੱਸ. ਨਗਰ, ਪਟਿਆਲਾ, ਅੰਮ੍ਰਿਤਸਰ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਇਸ ਦੇ ਨਾਲ ਲੁਧਿਆਣਾ ਅਤੇ ਐਸ.ਏ.ਐਸ ਨਗਰ ਜ਼ਿਲ੍ਹਿਆਂ ਵਿਚ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ। ਮੀਂਹ ਪੈਣ ਦੇ ਨਾਲ ਦਿਨ ਦੇ ਤਾਪਮਾਨ ਵਿਚ ਕਮੀ ਆ ਗਈ ਹੈ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ, ਜੋ ਬੀਤੇ ਕੱਲ੍ਹ ਨਾਲੋਂ 0.7 ਡਿਗਰੀ ਘੱਟ ਹੈ। ਹੋਰਨਾਂ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਫ਼ਾਜ਼ਿਲਕਾ ’ਚ 40.5 ਡਿਗਰੀ, ਫ਼ਰੀਦਕੋਟ ’ਚ 40.1 ਡਿਗਰੀ, ਰੂਪਨਗਰ ’ਚ 37.1 ਡਿਗਰੀ, ਮੋਗਾ ’ਚ 35.9 ਡਿਗਰੀ, ਪਠਾਨਕੋਟ ’ਚ 33.1 ਡਿਗਰੀ, ਅੰਮ੍ਰਿਤਸਰ ’ਚ 32 ਡਿਗਰੀ ਅਤੇ ਪਟਿਆਲਾ ’ਚ 29.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਮੌਜੂਦਾ ਹਾਲਾਤ ਅਨੁਕੂਲ ਰਹੇ ਤਾਂ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਮਾਨਸੂਨ ਪੂਰੇ ਪੰਜਾਬ ਪੈਰ ਪਸਾਰੇਗਾ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ ਅਤੇ ਕੁੱਝ ਥਾਵਾਂ ’ਤੇ ਗਰਜ-ਤੂਫ਼ਾਨ ਸਮੇਤ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਵੀ ਚੱਲ ਸਕਦੀ ਹਨ।
ਪਿਛਲੀ ਖ਼ਬਰ ਰਾਖਵਾਂਕਰਨ ਲਾਗੂ ਨਾ ਹੋਣ ਕਾਰਨ ਸਕੂਲ ਲੈਕਚਰਾਰਾਂ ਦੀ ਭਰਤੀ ਵਿਵਾਦਾਂ ’ਚ ਘਿਰੀ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਦੇ 16 ਮਹੀਨੇ, 70 ਹਜ਼ਾਰ ਤੋਂ ਵੱਧ ਨਸ਼ਾ ਤਸਕਰ 3125 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।