26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੜਕ ਹਾਦਸੇ ‘ਚ ਨੌਜਵਾਨ ਗੰਭੀਰ ਜ਼ਖ਼ਮੀ

ਅਜੀਤ ਡੈਸਕ 21-06-2026
ਡੇਰਾਬੱਸੀ, 20 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ-ਧਨੌਨੀ ਰੋਡ ‘ਤੇ ਵਾਪਰੇ ਇਕ ਸੜਕ ਹਾਦਸੇ ‘ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਪਰ ਇਸ ਹਾਦਸੇ ਨੇ ਉਸ ਸਮੇਂ ਇਕ ਨਵਾਂ ਮੋੜ ਲੈ ਲਿਆ ਜਦੋਂ ਇਲਾਜ ਦੌਰਾਨ ਨੌਜਵਾਨ ਦੀ ਜੇਬ ‘ਚੋਂ ਕੁਝ ਸ਼ੱਕੀ ਗੋਲੀਆਂ ਬਰਾਮਦ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਵੇਲੇ ਵਾਪਰਿਆ। ਹਸਪਤਾਲ ‘ਚ ਜ਼ੇਰੇ-ਇਲਾਜ ਨੌਜਵਾਨ ਨੇ ਆਪਣੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਰਕੌਰ ਵਜੋਂ ਦੱਸੀ ਹੈ। ਪੀੜਤ ਨੌਜਵਾਨ ਮੁਤਾਬਿਕ ਉਹ ਮੋਟਰਸਾਈਕਲ ‘ਤੇ ਜਾ ਰਿਹਾ ਸੀ ਇਸੇ ਦੌਰਾਨ ਉਸ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਡਿੱਗ ਗਿਆ, ਜਿਸ ਕਾਰਨ ਉਸ ਦੇ ਚਿਹਰੇ, ਬੁੱਲ੍ਹਾਂ ਅਤੇ ਹੱਥਾਂ ‘ਤੇ ਗੰਭੀਰ ਸੱਟਾਂ ਆਈਆਂ। ਹਸਪਤਾਲ ‘ਚ ਇਲਾਜ ਦੌਰਾਨ ਜਦੋਂ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ‘ਚੋਂ ਕੁਝ ਸ਼ੱਕੀ ਗੋਲੀਆਂ ਮਿਲੀਆਂ। ਇਨ੍ਹਾਂ ਗੋਲੀਆਂ ਦੇ ਮਿਲਣ ਨਾਲ ਮਾਮਲਾ ਸ਼ੱਕੀ ਬਣ ਗਿਆ ਹੈ ਕਿ ਇਹ ਕੋਈ ਪਾਬੰਦੀਸ਼ੁਦਾ ਨਸ਼ੀਲੀ ਦਵਾਈ ਤਾਂ ਨਹੀਂ ਹਨ। ਫ਼ਿਲਹਾਲ ਨੌਜਵਾਨ ਸੱਟਾਂ ਕਾਰਨ ਬਹੁਤ ਮੁਸ਼ਕਿਲ ਨਾਲ ਬੋਲ ਪਾ ਰਿਹਾ ਹੈ, ਜਿਸ ਨੂੰ ਅਗਲੇਰੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ। ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਦੀ ਜੇਬ ‘ਚੋਂ ਮਿਲੀਆਂ ਗੋਲੀਆਂ ਦੀ ਜਾਂਚ ਕਰਵਾ ਕੇ ਕਾਨੂੰਨ ਮੁਤਾਬਿਕ ਕਾਰਵਾਈ ਕਰਨਗੇ। ਜੇਕਰ ਕੋਈ ਨਸ਼ੀਲੀ ਦਵਾਈ ਪਾਈ ਗਈ ਤਾਂ ਨੌਜਵਾਨ ਦੇ ਇਲਾਜ ਉਪਰੰਤ ਕਾਊਂਸਲਿੰਗ ਕਰਕੇ ਉਸ ਨੂੰ ਜ਼ਿੰਦਗੀ ਦੀ ਨਵੀਂ ਦਿਸ਼ਾ ਦੇਣ ਲਈ ਉਪਰਾਲਾ ਕੀਤਾ ਜਾਵੇਗਾ। ਹਸਪਤਾਲ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਸਥਾਨਕ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ ਨੌਜਵਾਨ ਦੇ ਹੋਸ਼ ‘ਚ ਆਉਣ ਅਤੇ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ ।
ਪਿਛਲੀ ਖ਼ਬਰ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਖਰੜ ਵਿਖੇ ਸੂਬਾ ਪੱਧਰੀ ਰੋਸ ਰੈਲੀ 24 ਜੂਨ ਨੂੰ ਅਗਲੀ ਖ਼ਬਰ ਪਿੰਡ ਗੋਬਿੰਦਗੜ੍ਹ ਵਿਖੇ 2 ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਸ਼ਾਨੋ-ਸ਼ੌਕਤ ਨਾਲ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।