ਚੰਡੀਗੜ੍ਹ, 2 ਜੂਨ (ਅਜਾਇਬ ਸਿੰਘ ਅÏਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਇਸ ਵਿਚ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' 'ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਹੋਈ | ਸਮਾਰੋਹ ਦੀਆਂ ਪ੍ਰਧਾਨਗੀ ਰਸਮਾ ਪ੍ਰਸਿੱਧ ਲੇਖਕ ਕਿਰਪਾਲ ਕਜ਼ਾਕ ਵਲੋਂ ਅਦਾ ਕੀਤੀਆਂ ਗਈਆਂ ਜਦਕਿ ਪੁਸਤਕ ਸਬੰਧੀ ਖੋਜ ਪੱਤਰ ਜੇ.ਬੀ. ਸੇਖੋਂ ਤੇ ਡਾ. ਹਰਪ੍ਰੀਤ ਕੌਰ ਵਲੋਂ ਪੜ੍ਹੇ ਗਏ | ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪਿਛਲੀ ਟਰਮ ਵਿਚ ਵੀ 21 ਕਿਤਾਬਾਂ 'ਤੇ ਗੋਸ਼ਟੀ ਪੰਜਾਬ ਦੀਆਂ ਵੱਖੋ-ਵੱਖਰੀਆਂ ਥਾਵਾਂ 'ਤੇ ਕੀਤੀਆਂ ਗਈਆਂ ਸਨ, ਉਸੇ ਲੜੀ ਦੀ ਸਫਲਤਾ ਉਪਰੰਤ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' ਬਾਰੇ ਇਹ ਸਮਾਰੋਹ ਕਰਵਾਇਆ ਗਿਆ ਹੈ | ਇਸੇ ਦੌਰਾਨ ਡਾ. ਸਰਬਜੀਤ ਨੇ ਕਹਾਣੀਕਾਰ ਮਨਮੋਹਣ ਬਾਬਾ, ਪ੍ਰੇਮ ਪ੍ਰਕਾਸ਼ ਦੇ ਨਾਲ-ਨਾਲ ਸਰੂਪ ਸਿਆਲਵੀ ਦੀ ਵੀ ਗੱਲ ਕੀਤੀ | ਸਰੂਪ ਸਿਆਲਵੀ ਦੀ ਕਿਤਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਸਾਰੀਆਂ ਲਗਭਗ ਇਤਿਹਾਸ ਅਤੇ ਮਿਥਿਹਾਸ 'ਤੇ ਕੇਂਦਰਿਤ ਹਨ | ਲੇਖਕ ਸਰੂਪ ਸਿਆਲਵੀ ਨੇ ਕਿਹਾ ਕਿ ਵਿਦਵਾਨਾਂ ਵਲੋਂ ਜੋ ਵਿਚਾਰ ਪ੍ਰਗਟਾਏ ਗਏ ਹਨ ਜੋ ਸੁਝਾਅ ਦਿੱਤੇ ਗਏ ਹਨ, ਨਿਰਸੰਦੇਹ ਉਨ੍ਹਾਂ ਨਾਲ ਉਨ੍ਹਾਂ ਦੀ ਲੇਖਣੀ ਦਾ ਮਿਆਰ ਹੋਰ ਵੀ ਵਧੇਗਾ | ਸਮਾਰੋਹ ਵਿਚ ਡਾ. ਅਵਤਾਰ ਸਿੰਘ ਪਤੰਗ, ਡਾ. ਜਤਿੰਦਰ ਸਿੰਘ, ਡਾ. ਜਸਪਾਲ ਜੱਸੀ, ਗੁਰਦਰਸ਼ਨ ਮਾਵੀ, ਭਗਤ ਰਾਮ ਰੰਗਾੜਾ, ਸਤਨਾਮ ਸਿੰਘ ਸ਼ੋਕਰ, ਪਰਮਜੀਤ ਮਾਨ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ ਚੰਨੂੰ, ਡਾ. ਪ੍ਰਕਾਸ਼ ਸਿੰਘ, ਡਾ. ਰਜਿੰਦਰ ਸਿੰਘ, ਮਨਜੀਤ ਮੀਤ, ਸਰਦਾਰਾ ਸਿੰਘ ਚੀਮਾ, ਪਿਆਰਾ ਸਿੰਘ ਰਾਹੀ, ਸੁਰਜੀਤ ਸੁਮਨ ਤੋਂ ਇਲਾਵਾ ਡਾ. ਮਨਮੋਹਨ ਕੌਰ, ਪਵਨਦੀਪ ਕੌਰ, ਹਰਨਾਮ ਡੱਲਾ, ਡਾ. ਲਖਬੀਰ ਸਿੰਘ, ਰਣਜੀਤ ਕੌਰ, ਡਾ. ਰਵਿੰਦਰ ਸਿੰਘ, ਕਿਰਨਪ੍ਰੀਤ ਕੌਰ ਆਦਿ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ |