ਚੰਡੀਗੜ੍ਹ, 2 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਸਿਰਫ਼ ਇੱਕ ਅਭਿਆਸ ਨਹੀਂ, ਸਗੋਂ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਦਾ ਉਤਸਵ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਨੂੰ ਸੰਤੁਲਿਤ, ਸਿਹਤਮੰਦ ਤੇ ਅਧਿਆਤਮਿਕ ਜੀਵਨ ਦਾ ਰਾਹ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਯੋਗ ਨੂੰ ਵਿਸ਼ਵ ਪੱਧਰ 'ਤੇ ਸਥਾਪਿਤ ਕੀਤਾ ਤੇ ਅੱਜ ਪੂਰੀ ਦੁਨੀਆ ਇਸ ਨੂੰ ਅਪਣਾ ਰਹੀ ਹੈ | ਮੁੱਖ ਮੰਤਰੀ ਸੋਮਵਾਰ ਨੂੰ ਸੈਕਟਰ-29 ਸਥਿਤ ਮਹਾਰਾਣਾ ਪ੍ਰਤਾਪ ਸਵਰਨ ਜੈਅੰਤੀ ਪਾਰਕ (ਲੇਜ਼ਰ ਵੈਲੀ) ਵਿੱਚ ਅੰਤਰਰਾਸ਼ਟਰੀ ਯੋਗ ਦਿਵਸ-2026 ਸੰਬੰਧੀ ਕਰਵਾਏ ਸੂਬਾ ਪੱਧਰੀ ਯੋਗ ਅਭਿਆਸ ਮੁਹਿੰਮ ਦੇ ਸ਼ੁੱਭ ਆਰੰਭ ਮੌਕੇ 'ਤੇ ਮੌਜੂਦ ਯੋਗ ਸਾਧਕਾਂ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਹਰਿਆਣਾ ਦੇ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਮੌਜੂਦ ਸਨ | ਮੁੱਖ ਮੰਤਰੀ ਨੇ ਦੀਪ ਜਲਾ ਕੇ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਸਾਲ 12ਵੇਂ ਕੌਮਾਂਤਰੀ ਯੋਗ ਦਿਵਸ ਨੂੰ ਵਿਸ਼ਾਲ ਤੇ ਵਿਆਪਕ ਪੱਧਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ | 1 ਤੋਂ 21 ਜੂਨ ਤੱਕ ਸੂਬੇ ਭਰ ਵਿੱਚ ਜ਼ਿਲ੍ਹਾ, ਉਪ-ਮੰਡਲ, ਬਲਾਕ, ਵਾਰਡ ਤੇ ਗ੍ਰਾਮ ਪੰਚਾਇਤ ਪੱਧਰ 'ਤੇ ਯੋਗ ਕੈਂਪ ਲਗਾਏ ਜਾਣਗੇ | ਸੂਬਾ ਪੱਧਰੀ ਮੁੱਖ ਪ੍ਰੋਗਰਾਮ 21 ਜੂਨ ਨੂੰ ਪੰਚਕੂਲਾ ਵਿੱਚ ਕਰਵਾਇਆ ਜਾਵੇਗਾ | ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਨੇ ਵੱਖ-ਵੱਖ ਯੋਗ ਕਿਰਿਆਵਾਂ ਦੇ ਲਾਭ ਦੱਸੇ | ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੰਡਲ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ, ਸੀਪੀ ਸ਼ਿਵਾਸ ਕਵੀਰਾਜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਆਦਿ ਮੌਜੂਦ ਸਨ |