ਖਰੜ, 2 ਜੂਨ (ਜੰਡਪੁਰੀ)-ਕੁਝ ਦਿਨ ਪਹਿਲਾਂ ਬਲੌਂਗੀ ਵਿਖੇ ਗਾਲੀ-ਗਲੋਚ ਤੋਂ ਬਾਅਦ ਹੋਈ ਤਕਰਾਰ ਦੌਰਾਨ ਅਭਿਸ਼ੇਕ ਕੁਮਾਰ ਨਾਮਕ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਨੀਸ਼ ਕੁਮਾਰ ਤੇ ਮੁੰਨਾ ਯਾਦਵ ਵਾਸੀਆਨ ਆਦਰਸ਼ ਨਗਰ ਬਲੌਂਗੀ ਵਜੋਂ ਹੋਈ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਰੜ ਈਸ਼ਾਨ ਸਿੰਗਲਾ ਨੇ ਦੱਸਿਆ ਦੀਪਕ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਆਪਣੇ ਭਰਾ ਅਭਿਸ਼ੇਕ ਕੁਮਾਰ ਅਤੇ ਅਭਿਸ਼ੇਕ ਦੇ ਦੋ ਦੋਸਤਾਂ ਪ੍ਰਸ਼ਾਂਤ ਅਤੇ ਜੋਤਿਸ਼ ਨਾਲ ਮਿਲ ਕੇ ਮੁਨੀਸ਼ ਕੁਮਾਰ ਦੇ ਘਰ ਇਹ ਪੁੱਛਣ ਲਈ ਗਏ ਸਨ ਕਿ ਤੂੰ ਪ੍ਰਸ਼ਾਂਤ ਦੇ ਪਿਤਾ ਨੂੰ ਕੁਝ ਦਿਨ ਪਹਿਲਾਂ ਗਾਲਾਂ ਕਿਉਂ ਕੱਢੀਆਂ ਸਨ | ਇਸ ਦੌਰਾਨ ਉਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ ਅਤੇ ਮਨੀਸ਼ ਕੁਮਾਰ ਨੇ ਆਪਣੀ ਡੱਬ 'ਚੋਂ ਇਕ ਚਾਕੂਨੁੰਮਾ ਹਥਿਆਰ ਕੱਢ ਕੇ ਅਭਿਸ਼ੇਕ ਕੁਮਾਰ ਦੇ ਗਰਦਨ 'ਤੇ ਹਮਲਾ ਕਰ ਦਿੱਤਾ ਅਤੇ ਫਿਰ ਪ੍ਰਸ਼ਾਂਤ ਅਤੇ ਜੋਤਿਸ਼ 'ਤੇ ਵੀ ਚਾਕੂ ਨਾਲ ਵਾਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਦੀਪਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਪ੍ਰਬੰਧ ਕਰਕੇ ਅਭਿਸ਼ੇਕ ਕੁਮਾਰ, ਪ੍ਰਸ਼ਾਂਤ ਅਤੇ ਜੋਤਿਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਹਾਲੀ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਅਭਿਸ਼ੇਕ ਕੁਮਾਰ ਨੂੰ ਮਿ੍ਤਕ ਐਲਾਨ ਦਿੱਤਾ | ਡੀ.ਐਸ.ਪੀ. ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਖਰੜ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਤਹਿਤ ਜੇਲ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ | ਇਸ ਮੌਕੇ ਥਾਣਾ ਬਲੌਂਗੀ ਦੇ ਇੰਚਾਰਜ ਪੈਰੀਵਿੰਕਲ ਗਰੇਵਾਲ ਵੀ ਹਾਜ਼ਰ ਸਨ |