ਜ਼ੀਰਕਪੁਰ, 2 ਜੂਨ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਵਲੋਂ ਚੋਰੀ ਦੇ ਵਾਹਨ ਸਮੇਤ ਗਿ੍ਫ਼ਤਾਰ ਨੌਜਵਾਨ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ ਦੋ ਹੋਰ ਵਾਹਨ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ ਸੀ | ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਚੋਰੀ ਦਾ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਟਾਣਾ ਪੁਲਿਸ ਦੀ ਇਕ ਟੀਮ ਬੀਤੇ ਦਿਨੀਂ ਇਲਾਕੇ 'ਚ ਗਸ਼ਤ ਕਰ ਰਹੀ ਸੀ | ਇਸ ਦੌਰਾਨ ਉਨਾਂ ਨੇ ਹੋਟਲ ਵੈਲਵਰਟ ਕਲਾਰਕ ਨੇੜੇ ਇਕ ਸ਼ੱਕੀ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ | ਪੁੱਛਗਿੱਛ ਕਰਨ 'ਤੇ ਸ਼ੱਕੀ ਦੀ ਪਛਾਣ ਕਾਰਤਿਕ (19) ਵਾਸੀ ਮੁਬਾਰਕਪੁਰ ਵਜੋਂ ਹੋਈ ਸੀ | ਮੁੱਢਲੀ ਜਾਂਚ 'ਚ ਮੋਟਰਸਾਈਕਲ ਚੋਰੀ ਦਾ ਹੋਣ ਦਾ ਖੁਲਾਸਾ ਹੋਇਆ ਸੀ, ਜਿਸ ਕਾਰਨ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਮਾਮਲੇ ਦੇ ਪੜਤਾਲੀਆ ਅਫ਼ਸਰ ਓਮਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਿਸ ਰਿਮਾਂਡ ਦੌਰਾਨ ਹੋਰਨਾਂ ਚੋਰੀਆਂ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਚੋਰੀ ਦਾ ਇਕ ਹੋਰ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕੀਤਾ | ਪੁਲਿਸ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਬਰਾਮਦ ਕੀਤੇ ਗਏ ਮੋਟਰਸਾਈਕਲਾਂ 'ਚੋਂ ਇਕ ਬਾਲਟਾਣਾ ਖੇਤਰ ਤੋਂ ਚੋਰੀ ਕੀਤਾ ਗਿਆ ਸੀ, ਜਦਕਿ ਦੂਜਾ ਮੋਟਰਸਾਈਕਲ ਤੇ ਐਕਟਿਵਾ ਚੰਡੀਗੜ ਤੋਂ ਚੋਰੀ ਕੀਤੇ ਗਏ ਸਨ | ਪੁਲਿਸ ਹੁਣ ਮੁਲਜ਼ਮ ਦੇ ਸਾਥੀਆਂ, ਅਪਰਾਧਿਕ ਰਿਕਾਰਡ ਅਤੇ ਹੋਰ ਸੰਭਾਵਿਤ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਾਹਨਾਂ ਦੇ ਅਸਲ ਮਾਲਕਾਂ ਦੀ ਪਛਾਣ ਕਰਨ ਉਪਰੰਤ ਉਨਾਂ ਨੂੰ ਵਾਹਨ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਚੋਰੀ ਦੇ ਹੋਰ ਮਾਮਲੇ ਵੀ ਸੁਲਝਣ ਦੀ ਸੰਭਾਵਨਾ ਹੈ | ਬਲਟਾਣਾ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ 'ਚ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ |