28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਅਜਾਇਬ ਸਿੰਘ ਔਜਲਾ)- ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਨੈਸ਼ਨਲ ਪਲੈਨਰੀ ਵਲੋਂ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ ਅਤੇ ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ ਜੰਮੂ ਨੇ ਕੌਮੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਆਗੂ ਡੀ. ਸੋਮ ਸੁੰਦਰ ਨੇ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਬਾਅਦ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੂਬਾ ਪੱਧਰ 'ਤੇ ਸੈਮੀਨਾਰ ਅਤੇ ਕਨਵੈਨਸ਼ਨਾਂ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਪ੍ਰੈੱਸ ਦੀ ਅਜ਼ਾਦੀ ਉੱਪਰ ਵਧ ਰਹੇ ਹਮਲਿਆਂ ਕਾਰਨ ਪੱਤਰਕਾਰੀ ਗੰਭੀਰ ਸੰਕਟ ਦਾ ਸ਼ਿਕਾਰ ਹੈ | ਇਸ ਮੌਕੇ ਚੋਣ ਅਧਿਕਾਰੀ ਸੀਨੀਅਰ ਪੱਤਰਕਾਰ ਐਮ.ਏ ਮਾਜ਼ਿਦ ਨੇ ਨਤੀਜਿਆਂ ਦਾ ਐਲਾਨ ਕੀਤਾ | ਜਿਸ ਵਿਚ ਪੰਜਾਬ ਦੇ ਇਕ ਹੋਰ ਸੀਨੀਅਰ ਆਗੂ ਬਲਬੀਰ ਸਿੰਘ ਜੰਡੂ ਕੌਮੀ ਖ਼ਜ਼ਾਨਚੀ, ਅਮਰ ਮੋਹਨ ਪ੍ਰਸਾਦ (ਬਿਹਾਰ) ਅਤੇ ਵਾਈ. ਨਰਿੰਦਰ ਰੈਡੀ (ਤੇਲੰਗਾਨਾ) ਕੌਮੀ ਮੀਤ ਪ੍ਰਧਾਨ ਅਤੇ ਨਰਿੰਦਰ ਭਾਰਦਵਾਜ (ਉੱਤਰ ਪ੍ਰਦੇਸ਼), ਡੀ.ਐੱਸ.ਆਰ ਸੁਭਾਸ਼ (ਤਾਮਿਲਨਾਡੂ) ਅਤੇ ਪੀ. ਭਾਸਕਰ ਰੈਡੀ (ਕਰਨਾਟਕ) ਨੂੰ ਨਿਰਵਿਰੋਧ ਕੌਮੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ ਗਿਆ | ਪੰਜਾਬ ਦੀ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਸਮੇਤ ਹੋਰ ਰਾਜਾਂ ਦੇ 14 ਮੈਂਬਰਾਂ ਨੂੰ ਵੀ ਕੌਮੀ ਕਾਰਜਕਾਰਨੀ ਲਈ ਚੁਣ ਲਿਆ ਗਿਆ | ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਸਮੇਤ ਦੂਜੇ ਸੂਬਿਆਂ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਵੀ ਕੌਮੀ ਕਾਰਜਕਾਰਨੀ ਵਿਚ ਸ਼ਾਮਿਲ ਕੀਤੇ ਗਏ ਹਨ | ਇੰਡੀਅਨ ਜਰਨਲਿਸਟਸ ਯੂਨੀਅਨ ਨੇ ਸਰਬਸੰਮਤੀ ਨਾਲ ਦੇਸ਼ ਭਰ ਵਿਚ 5 ਪੱਤਰਕਾਰਾਂ ਦੇ ਮਾਰੇ ਜਾਣ, ਪੰਜਾਬ ਸਮੇਤ ਹੋਰ ਰਾਜਾਂ ਦੇ ਦਰਜਨਾਂ ਪੱਤਰਕਾਰਾਂ ਉੱਪਰ ਜਾਨਲੇਵਾ ਹਮਲੇ, ਝੂਠੇ ਕੇਸ ਦਰਜ ਕਰਨ ਅਤੇ ਡਿਜੀਟਲ ਪ੍ਰੇਸ਼ਾਨੀਆਂ ਦੀ ਜ਼ੋਰਦਾਰ ਨਿੰਦਾ ਤੋਂ ਇਲਾਵਾ ਸੱਚ ਦੀ ਅਵਾਜ਼ ਨੂੰ ਦਬਾਉਣ ਦੀ ਨਿੰਦਾ ਕੀਤੀ ਗਈ | ਇਸ ਤੋਂ ਇਲਾਵਾ ਕੌਮੀ ਪ੍ਰੈੱਸ ਕੌਂਸਲ ਦੀ ਥਾਂ ਪ੍ਰਭਾਵਸ਼ਾਲੀ ਮੀਡੀਆ ਕੌਂਸਲ ਬਣਾਉਣ ਦੀ ਵੀ ਮੰਗ ਸਮੇਤ 10 ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ ਹਨ | ਪੰਜਾਬ ਦੀ ਆਗੂ ਟੀਮ ਵਲੋਂ ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਕੇ ਸ੍ਰੀ ਨਿਵਾਸ ਰੈਡੀ, ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨਰਲ ਡੀ.ਸੋਮ ਸੁੰਦਰ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਜਾਅਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਣ ਆਏ ਵਿਅਕਤੀ ਅਦਾਲਤ ਨੇ ਪੁਲਿਸ ਹਵਾਲੇ ਕੀਤੇ ਅਗਲੀ ਖ਼ਬਰ ਕਣਕ ਪੀਸਣ ਲਈ ਆਏ ਥੈਲੇ 'ਚੋਂ ਮੀਟ ਦੇ ਪੀਸ ਮਿਲਣ ਤੋਂ ਬਾਅਦ ਹੋਇਆ ਹੰਗਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।