ਖਰੜ, 31 ਮਾਰਚ (ਜੰਡਪੁਰੀ)-ਅੱਜ ਖਰੜ-ਲਾਡਰਾਂ ਰੋਡ 'ਤੇ ਸਥਿਤ ਸਵਰਾਜ ਨਗਰ ਵਿਖੇ ਇਕ ਆਟਾ ਚੱਕੀ 'ਚ ਕਣਕ ਪਿਸਾਉਣ ਆਏ ਵਿਅਕਤੀ ਦੇ ਥੈਲੇ 'ਚੋਂ ਮਾਸ ਦੇ ਟੁਕੜੇ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਲੈ ਕੇ ਲੋਕਾਂ ਵਲੋਂ ਹੰਗਾਮਾ ਕਰ ਦਿੱਤਾ ਅਤੇ ਭਾਰੀ ਗਿਣਤੀ 'ਚ ਲੋਕ ਚੱਕੀ ਵਿਖੇ ਇਕੱਠੇ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਆਟਾ ਚੱਕੀ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ 'ਚ ਇਕ ਵਿਅਕਤੀ ਜੋ ਕਿ ਉਨ੍ਹਾਂ ਦੇ ਨੇੜੇ ਹੀ ਰਹਿੰਦਾ ਹੈ, ਆਟਾ ਪਿਸਾਉਣ ਲਈ ਕਣਕ ਲੈ ਕੇ ਆਇਆ ਸੀ ਅਤੇ ਜਦੋਂ ਉਨ੍ਹਾਂ ਨੇ ਕਣਕ ਦਾ ਥੈਲਾ ਖੋਲ੍ਹ ਕੇ ਚੱਕੀ 'ਚ ਢੇਰੀ ਕੀਤਾ ਤਾਂ ਉਸ 'ਚੋਂ ਮਿਲੇ ਇਕ ਪਲਾਸਟਿਕ ਦੇ ਲਿਫ਼ਾਫ਼ੇ 'ਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਅਤੇ ਜਦੋਂ ਉਸ ਨੇ ਲਿਫ਼ਾਫ਼ਾ ਖੋਲ੍ਹ ਕੇ ਦੇਖਿਆ ਤਾਂ ਉਸ 'ਚੋਂ ਮਾਸ ਦੇ ਟੁਕੜੇ ਮਿਲੇ | ਉਨ੍ਹਾਂ ਮੰਗ ਕੀਤੀ ਕਿ ਉਕਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਦਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਅਦ 'ਚ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |