19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਦੀ ਪ੍ਰਧਾਨਗੀ ਹੇਠ ਕੌਂਸਲ ਮੀਟਿੰਗ ਦੌਰਾਨ ਸਾਲਾਨਾ ਬਜਟ ਪਾਸ

ਅਜੀਤ ਡੈਸਕ 31-03-2026
ਖਰੜ, 30 ਮਾਰਚ (ਤਰਸੇਮ ਸਿੰਘ ਜੰਡਪੁਰੀ)-ਅੱਜ ਨਗਰ ਕੌਂਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਾਲ 26-27 ਲਈ 15,033 ਕਰੋੜ ਰੁ. ਦਾ ਬਜਟ ਪਾਸ ਕੀਤਾ ਗਿਆ | ਮੀਟਿੰਗ ਤੋਂ ਪਹਿਲਾਂ ਜਿੱਥੇ 'ਆਪ' ਦੇ ਆਗੂ ਹਰਪ੍ਰੀਤ ਸਿੰਘ ਬੰਟੀ ਦੀ ਨਗਰ ਕੌਂਸਲ ਦੇ ਈ. ਓ. ਅਤੇ ਕੌਂਸਲ ਪ੍ਰਧਾਨ ਨਾਲ ਅਮਨ ਸਿਟੀ ਨੂੰ ਨਗਰ ਕੌਂਸਲ ਦੇ ਹੈਂਡ-ਓਵਰ ਕਰਨ ਦੇ ਮਸਲੇ ਨੂੰ ਲੈ ਕੇ ਕਾਫੀ ਤਲਖੀ ਹੋਈ, ਉੱਥੇ ਹੀ ਕੌਂਸਲਰ ਗੋਬਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਅੱਜ ਨਵੇਂ ਸਾਲ ਲਈ ਬਜਟ ਪਾਸ ਕੀਤਾ ਜਾ ਰਿਹਾ ਹੈ ਅਤੇ ਪਿਛਲਾ ਬਜਟ ਖ਼ਤਮ ਹੋ ਗਿਆ ਹੈ, ਪਰ ਸ਼ਹਿਰ 'ਚ ਕੋਈ ਵਿਕਾਸ ਕਾਰਜ ਨਹੀਂ ਹੋਇਆ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਪੈਸੇ ਕਿੱਥੇ ਗਏ | ਇਸ ਤੋਂ ਬਾਅਦ ਕੌਂਸਲਰ ਵਿਨੀਤ ਜੈਨ ਨੇ ਇਸ਼ਤਿਹਾਰਾਂ ਦੇ ਐਗਰੀਮੈਂਟ ਦਾ ਮਸਲਾ ਚੁੱਕਦਿਆਂ ਕਿਹਾ ਕਿ ਇਸ ਤੋਂ ਆਮਦਨ ਕਿਉਂ ਨਹੀਂ ਵਧੀ | ਇਸੇ ਦੌਰਾਨ ਕੌਂਸਲਰ ਚੀਮਾ ਤੇ ਜੈਨ ਨੇ ਕਿਹਾ ਕਿ ਵਿਗਿਆਪਨ ਕੰਪਨੀ ਨਾਲ ਜਿਹੜਾ ਐਗਰੀਮੈਂਟ ਹੋਇਆ ਹੈ, ਉਹ ਅਮਲ 'ਚ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਠੇਕੇਦਾਰ ਕੰਪਨੀ ਦਾ ਕਹਿਣਾ ਹੈ ਕਿ ਇਹ ਐਗਰੀਮੈਂਟ 7 ਸਾਲਾਂ ਲਈ ਕੀਤਾ ਗਿਆ ਸੀ, ਜੋ ਕਿ ਅਗਸਤ-ਸਤੰਬਰ ਮਹੀਨੇ ਵਿਚ ਖ਼ਤਮ ਹੋ ਗਿਆ ਹੈ | ਇਸ ਤੋਂ ਬਾਅਦ ਕੌਂਸਲਰ ਮਾਨ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਸ਼ਹਿਰ ਦਾ ਵਿਕਾਸ ਨਹੀਂ ਹੋਇਆ, ਜਦਕਿ ਕੌਂਸਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਲਈ ਕਰੋੜਾਂ ਰੁ. ਵਿਕਾਸ ਕਾਰਜ ਪਾਸ ਹੋਏ ਸਨ, ਪਰ ਸਿਰਫ਼ 4 ਵਿਕਾਸ ਕਾਰਜਾਂ ਲਈ ਟੈਂਡਰ ਲੱਗੇ ਹਨ | ਇਸ ਉਪਰੰਤ ਕੌਂਸਲਰ ਵਿਨੀਤ ਜੈਨ ਨੇ ਕਿਹਾ ਕਿ ਇਕ ਟਿਊਬਵੈੱਲ ਦਾ ਸੰਬੰਧਿਤ ਪਾਰਟੀ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ, ਜਦਕਿ ਕੌਂਸਲਰ ਸ਼ਿਵਾਨੀ ਚੱਢਾ ਨੇ ਕਿਹਾ ਕਿ ਜੇਕਰ ਕੋਈ ਕੌਂਸਲਰ ਆਪਣੇ ਵਾਰਡ 'ਚ ਲਾਈਟਾਂ ਲਗਾਉਣ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਸਟਰੀਟ ਲਾਈਆਂ ਨਹੀਂ ਮਿਲਦੀਆਂ ਅਤੇ ਸੀਵਰੇਜ ਦਾ ਵੀ ਬਹੁਤ ਮਾੜਾ ਹਾਲ ਹੋਇਆ ਪਿਆ ਹੈ | ਅੱਜ ਵੀ ਕੌਂਸਲ ਦੇ ਦਫ਼ਤਰ ਨੇੜੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਘੁੰਮ ਰਿਹਾ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰ. 20-21 ਵਿਚ ਟਿਊਬਵੈੱਲ ਲੱਗਾ ਹੋਇਆ ਹੈ, ਪਰ ਬਿਜਲੀ ਦਾ ਕੁਨੈਕਸ਼ਨ ਨਾ ਮਿਲਣ ਕਰਕੇ ਜਰਨੇਟਰ ਦੇ ਸਹਾਰੇ ਹੀ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਆ ਰਹੀ ਹੈ ਕਿਉਂਕਿ ਜਰਨੇਟਰ ਕਦੇ ਨਾ ਕਦੇ ਮਿਸ ਮਾਰ ਜਾਂਦਾ ਹੈ | ਇਸ ਤੋਂ ਬਾਅਦ ਕੌਂਸਲਰ ਮਨਪ੍ਰੀਤ ਮੰਨਾ ਨੇ ਮਖੌਲੀਆ ਅੰਦਾਜ਼ 'ਚ ਕਿਹਾ ਕਿ 4 ਸਾਲ ਤਾਂ ਕੌਂਸਲ ਪ੍ਰਧਾਨ ਨੂੰ ਬਦਲਣ ਨੂੰ ਹੀ ਲੱਗ ਗਏ ਅਤੇ ਹੁਣ ਕੌਂਸਲਰ ਕਿਹੜਾ ਵਿਕਾਸ ਭਾਲਦੇ ਹਨ | ਉਨ੍ਹਾਂ ਕਿਹਾ ਕਿ ਕਈ ਕੌਂਸਲਰਾਂ ਨੇ ਤਾਂ ਪ੍ਰਧਾਨ ਬਦਲਣ 'ਤੇ ਭੰਗੜੇ ਵੀ ਪਾਏ ਸਨ | ਇਸ ਤੋਂ ਬਾਅਦ ਕੌਂਸਲਰ ਸੋਹਣ ਸਿੰਘ ਨੇ ਕਿਹਾ ਕਿ ਜੇਕਰ ਪਹਿਲੀ ਕੌਂਸਲ ਪ੍ਰਧਾਨ ਚੰਗੀ ਹੁੰਦੀ ਤਾਂ ਉਨ੍ਹਾਂ ਨੂੰ ਬਦਲਣ ਦੀ ਲੋੜ ਨਹੀਂ ਪੈਣੀ ਸੀ | ਇਸ ਮੌਕੇ ਕਈ ਹੋਰਨਾਂ ਕੌਂਸਲਰਾਂ ਨੇ ਵੀ ਆਪੋ-ਆਪਣੇ ਵਾਰਡ ਦੇ ਮੁੱਦੇ ਰੱਖੇ |
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਇਮੈਜਿਨ ਟ੍ਰੇਜ਼ਰ ਨੇ ਚੰਡੀਗੜ੍ਹ ਦੇ ਨੈਕਸਸ ਏਲਾਂਟੇ ਮਾਲ ਵਿਖੇ ਐਪਲ ਪ੍ਰੀਮੀਅਮ ਪਾਰਟਨਰ ਸਟੋਰ ਲਾਂਚ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।