ਚੰਡੀਗੜ੍ਹ, 30 ਮਾਰਚ (ਕਪਿਲ ਵਧਵਾ) ਮਨੀਮਾਜਰਾ ਇਲਾਕੇ 'ਚ ਵਧ ਰਹੀਆਂ ਚੋਰੀਆਂ ਦੇ ਮਾਮਲਿਆਂ ਵਿਚ ਚੰਡੀਗੜ੍ਹ ਪੁਲਿਸ ਨੂੰ ਕਾਮਯਾਬੀ ਮਿਲੀ ਹੈ | ਪੁਲਿਸ ਨੇ ਵਾਹਨ ਅਤੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਦੋ ਮਾਮਲੇ ਸੁਲਝਾ ਲਏ ਹਨ | ਮਿਲੀ ਜਾਣਕਾਰੀ ਮੁਤਾਬਕ ਥਾਣਾ ਮਨੀਮਾਜਰਾ ਵਿਖੇ 29 ਮਾਰਚ ਨੂੰ ਬੀ.ਐਨ.ਐਸ ਦੀ ਧਾਰਾ 303(2) ਤੇ 317(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਪ੍ਰਖਰ ਸੋਨੀ ਵਲੋਂ ਦੱਸਿਆ ਗਿਆ ਸੀ ਕਿ ਉਸ ਦੀ ਹੌਂਡਾ ਐਵੀਏਟਰ ਸਕੂਟੀ ਢਿੱਲੋਂ ਸਿਨੇਮਾ ਮਨੀਮਾਜਰਾ ਦੀ ਪਾਰਕਿੰਗ 'ਚੋਂ 28 ਮਾਰਚ ਨੂੰ ਚੋਰੀ ਹੋ ਗਈ ਸੀ | ਇਸ ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਐਸ.ਐਚ.ਓ ਇੰਸਪੈਕਟਰ ਮਨਿੰਦਰ ਸਿੰਘ ਵਲੋਂ ਟੀਮ ਬਣਾ ਕੇ ਨਾਕਾਬੰਦੀ ਕੀਤੀ ਗਈ | ਨਾਕੇ ਦੌਰਾਨ ਪੁਲਿਸ ਨੇ ਗੁਰੂਕੁਲ ਗਲੋਬਲ ਸਕੂਲ ਨੇੜੇ ਸਾਗਰ ਢਾਂਡਾ (29) ਵਾਸੀ ਬੈਂਕ ਕਾਲੋਨੀ, ਮਨੀਮਾਜਰਾ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਚੋਰੀਸ਼ੁਦਾ ਹੌਂਡਾ ਐਵੀਏਟਰ ਸਕੂਟੀ ਅਤੇ ਇਕ ਗੈਸ ਸਿਲੰਡਰ ਬਰਾਮਦ ਕੀਤਾ | ਪੁੱਛਗਿੱਛ ਦੌਰਾਨ ਹੋਰ ਦੋ ਗੈਸ ਸਿਲੰਡਰ ਵੀ ਬਰਾਮਦ ਕੀਤੇ ਗਏ | ਇਸ ਤਰ੍ਹਾਂ ਕੁੱਲ 3 ਗੈਸ ਸਿਲੰਡਰ ਪੁਲਿਸ ਵਲੋਂ ਜਬਤ ਕੀਤੇ ਗਏ ਹਨ | ਪੁਲਿਸ ਮੁਤਾਬਕ ਮੁਲਜ਼ਮ ਨੇ ਮਨੀਮਾਜਰਾ ਇਲਾਕੇ ਵਿਚ ਹੋਰ ਵੀ ਕਈ ਸਿਲੰਡਰ ਚੋਰੀ ਕਰਨ ਦੀ ਗੱਲ ਕਬੂਲੀ ਹੈ | ਗਿ੍ਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚੋਰੀਆਂ ਨੂੰ ਰੋਕਣ ਲਈ ਨਾਕਾਬੰਦੀ ਅਤੇ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ |