ਐੱਸ. ਏ. ਐੱਸ. ਨਗਰ, 25 ਮਾਰਚ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਸ਼ਹਿਰ 'ਚ ਸੜਕਾਂ ਦੀ ਅੱਪਗ੍ਰੇਡੇਸ਼ਨ, ਰੀ-ਸਰਫੇਸਿੰਗ ਅਤੇ ਸੁੰਦਰੀਕਰਨ ਲਈ ਗਮਾਡਾ ਵਲੋਂ ਲਿਆਂਦੇ ਗਏ ਨੈਕਸਟ ਜਨਰੇਸ਼ਨ ਪ੍ਰਾਜੈਕਟ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ | ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮਾਮਲੇ 'ਚ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਪੱਤਰ ਲਿਖ ਕੇ ਟੈਂਡਰ ਪ੍ਰਕਿਰਿਆ 'ਤੇ ਹਾਈ ਕੋਰਟ ਵਲੋਂ ਫ਼ੈਸਲਾ ਸੁਣਾਏ ਜਾਣ ਤੱਕ ਰੋਕ ਲਗਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇਸ ਪ੍ਰਾਜੈਕਟ ਖ਼ਿਲਾਫ਼ ਉਹ ਪਹਿਲਾਂ ਹੀ ਅਦਾਲਤ 'ਚ ਪਟੀਸ਼ਨ ਦਾਇਰ ਕਰ ਚੁੱਕੇ ਹਨ ਅਤੇ ਮਾਮਲਾ ਇਸ ਸਮੇਂ ਕੋਰਟ 'ਚ ਵਿਚਾਰ ਅਧੀਨ ਹੈ | ਹਾਲ ਹੀ ਦੀ ਸੁਣਵਾਈ ਦੌਰਾਨ ਸਮਾਂ ਘੱਟ ਹੋਣ ਕਾਰਨ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ ਪੈ ਗਈ ਸੀ | ਬੇਦੀ ਮੁਤਾਬਿਕ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੋਣ ਕਾਰਨ ਟੈਂਡਰ ਦੁਬਾਰਾ ਖੋਲ੍ਹਣਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਕਾਨੂੰਨੀ ਅੜਚਨਾਂ ਖੜ੍ਹੀਆਂ ਹੋ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮੁਹਾਲੀ ਨੈਕਸਟ ਜਨਰੇਸ਼ਨ ਪ੍ਰੋਗਰਾਮ ਤਹਿਤ ਲਿਆਂਦਾ ਗਿਆ ਹੈ, ਜਿਸ 'ਚ ਸ਼ਹਿਰ ਦੀਆਂ ਸੜਕਾਂ ਅਤੇ ਚੌਰਾਹਿਆਂ ਦੀ ਅੱਪਗ੍ਰੇਡੇਸ਼ਨ, ਰੀ-ਸਰਫੇਸਿੰਗ ਅਤੇ ਸੁੰਦਰੀਕਰਨ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਹਾਈਬਿ੍ਡ ਐਨਿਊਟੀ ਮਾਡਲ ਤਹਿਤ ਲਿਆਂਦਾ ਗਿਆ ਹੈ ਅਤੇ ਇਸ ਦੀ ਅਨੁਮਾਨਿਤ ਲਾਗਤ ਲਗਭਗ 666.41 ਕਰੋੜ ਰੁ. ਦੇ ਕਰੀਬ ਦੱਸੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੌਰਾਨ ਕੁੱਲ ਲੇਨ ਲੰਬਾਈ 422 ਕਿੱਲੋਮੀਟਰ ਤੋਂ ਵੱਧ ਹੈ, ਜਿਸ 'ਚੋਂ ਵੱਡਾ ਹਿੱਸਾ ਗਮਾਡਾ ਦੇ ਅਧੀਨ, ਜਦਕਿ ਬਾਕੀ ਹਿੱਸਾ ਨਗਰ ਨਿਗਮ ਮੁਹਾਲੀ ਦੇ ਅਧੀਨ ਆਉਂਦਾ ਹੈ, ਲਿਹਾਜ਼ਾ ਪ੍ਰਾਜੈਕਟ ਦਾ ਖ਼ਰਚਾ ਦੋਵਾਂ ਸੰਸਥਾਵਾਂ ਵਲੋਂ 70:30 ਅਨੁਪਾਤ ਨਾਲ ਅਦਾ ਕੀਤੇ ਜਾਣ ਦੀ ਚਰਚਾ ਹੈ | ਡਿਪਟੀ ਮੇਅਰ ਬੇਦੀ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਹੋਈ ਮੀਟਿੰਗ 'ਚ ਇਹ ਵੀ ਦਰਸਾਇਆ ਗਿਆ ਸੀ ਕਿ ਨਗਰ ਨਿਗਮ ਦੇ ਜਨਰਲ ਹਾਊਸ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗਾ ਅਤੇ ਪ੍ਰਾਜੈਕਟ ਪਾਰਟੀ ਨਿਊਟਿ੍ਲ ਹੋਣਾ ਚਾਹੀਦਾ ਹੈ | ਬੇਦੀ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਅਜਿਹੀਆਂ ਸੜਕਾਂ ਵੀ ਇਸ ਟੈਂਡਰ 'ਚ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਕਿ ਹਾਲ ਹੀ 'ਚ ਬਣੀਆਂ ਹਨ ਜਾਂ ਜਿਨ੍ਹਾਂ 'ਤੇ ਪਹਿਲਾਂ ਹੀ ਪ੍ਰੀਮਿਕਸ ਪਾਈ ਜਾ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਇਸ ਵੇਲੇ ਮੁਰੰਮਤ ਦੀ ਲੋੜ ਨਹੀਂ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਾਜੈਕਟ ਦੀ ਲੋੜ ਅਤੇ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਹੋਣਗੇ ਅਤੇ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਟੈਂਡਰ ਦੀਆਂ ਕੁਝ ਸ਼ਰਤਾਂ ਕਿਸੇ ਖਾਸ ਕੰਪਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ |