ਡੇਰਾਬੱਸੀ, 25 ਮਾਰਚ (ਗੁਰਮੀਤ ਸਿੰਘ)-ਇੱਥੋਂ ਦੇ ਪਿੰਡ ਮਾਹੀਵਾਲਾ ਨੇੜੇ ਸਥਿਤ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਆਉਣ ਕਰਕੇ 5 ਪਸ਼ੂ ਜਿਊਾਦਾ ਸੜ ਗਏ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਦੌਰਾਨ ਪਸ਼ੂਆਂ ਦੇ ਵਾੜੇ ਦੇ ਨਾਲ-3 ਝੁੱਗੀਆਂ ਵੀ ਸੜ ਗਈਆਂ | ਘਟਨਾ ਦੀ ਸੂਚਨਾ ਮਿਲਣ 'ਤੇ ਪਿੰਡ ਵਾਸੀਆਂ ਨੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ | ਲੋਕਾਂ ਨੇ ਦੱਸਿਆ ਕਿ ਹਵਾ ਦਾ ਰੁਖ ਝੁੱਗੀਆਂ ਤੋਂ ਉਲਟ ਹੋਣ ਕਰਕੇ ਬਾਕੀ ਦੀਆਂ ਝੁੱਗੀਆਂ ਬਚ ਗਈਆਂ ਅਤੇ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ | ਮੌਕੇ 'ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕਾਂ ਕਿਨਾਰੇ ਜੜ੍ਹੀਆਂ- ਬੂਟੀਆਂ ਤੋਂ ਬਣੀਆਂ ਦਵਾਈਆਂ ਵੇਚਣ ਵਾਲੇ ਪਿੰਡ ਨੇੜੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ | ਇਨ੍ਹਾਂ ਦੇ ਨੇੜੇ ਹੀ ਕੁਝ ਲੋਕ ਪਸ਼ੂਆਂ ਲਈ ਵਾੜਾ ਬਣਾ ਕੇ ਰਹਿ ਰਹੇ ਹਨ | ਖੁੱਲ੍ਹੇ ਵਾੜੇ ਅੰਦਰ ਹੀ ਦੋ ਝੁੱਗੀਆਂ ਬਣੀਆਂ ਹੋਈਆਂ ਸਨ | ਚਾਹ-ਪਾਣੀ ਬਣਾਉਣ ਲਈ ਵਾੜੇ ਦੇ ਅੰਦਰ ਹੀ ਚੁੱਲ੍ਹਾ ਬਣਾਇਆ ਹੋਇਆ ਸੀ ਅਤੇ ਇਸ ਚੁੱਲ੍ਹੇ ਤੋਂ ਪਰਾਲੀ ਦੀ ਬਣੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਵਾੜੇ ਨੂੰ ਆਪਣੀ ਲਪੇਟ 'ਚ ਲੈ ਲਿਆ | ਉਨ੍ਹਾਂ ਕਿਹਾ ਕਿ ਅੱਗ ਦੀ ਲਪੇਟ 'ਚ ਆਉਣ ਕਰਕੇ ਕਈ ਕੱਟਰੂ-ਬਛੜੂ ਸੜ ਗਏ, ਜਦਕਿ ਕੁਝ ਪਸ਼ੂਆਂ ਨੂੰ ਲੋਕਾਂ ਨੇ ਬਚਾ ਲਿਆ | ਘਟਨਾ ਦੌਰਾਨ ਇਕ ਝੁੱਗੀ 'ਚ ਖੜ੍ਹਾ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਸੜ ਕੇ ਸੁਆਹ ਹੋ ਗਿਆ | ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |