ਐੱਸ. ਏ. ਐੱਸ. ਨਗਰ, 22 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਹਸਪਤਾਲ ਨੇ ਲੋਕਾਂ ਨੂੰ ਗੁਰਦੇ ਦੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਣ 'ਚ ਇਕ ਹੋਰ ਸਫ਼ਲਤਾ ਹਾਸਿਲ ਕੀਤੀ ਹੈ | ਹਸਪਤਾਲ ਵਿਚ ਗੁਰਦੇ ਦੇ ਮਰੀਜ਼ ਨੂੰ ਪਹਿਲੀ ਵਾਰ ਵਿਸ਼ੇਸ਼ ਪਰਮਾਕੈਥ ਟਿਊਬ ਲਗਾਈ ਗਈ ਹੈ | ਇਹ ਲੰਮੀ ਪਲਾਸਟਿਕ ਟਿਊਬ ਹੁੰਦੀ ਹੈ, ਜਿਸ ਨੂੰ ਗੁਰਦੇ ਖ਼ਰਾਬ ਹੋਣ 'ਤੇ ਡਾਇਲਿਸਿਜ਼ ਵਾਸਤੇ ਖ਼ੂਨ ਕੱਢਣ ਅਤੇ ਵਾਪਸ ਸਰੀਰ ਵਿਚ ਭੇਜਣ ਲਈ ਵਰਤਿਆ ਜਾਂਦਾ ਹੈ | ਇਸ ਪ੍ਰਕਿਰਿਆ ਮਗਰੋਂ ਮਰੀਜ਼ ਦੀ ਹਾਲਤ ਸਥਿਰ ਰਹੀ ਅਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਜ਼ਿਕਰਯੋਗ ਹੈ ਕਿ ਪਰਮਾਕੈਥ ਖ਼ਾਸ ਕਰਕੇ ਉਨ੍ਹਾਂ ਮਰੀਜ਼ਾਂ ਵਾਸਤੇ ਵਰਤੀ ਜਾਂਦੀ ਹੈ, ਜਿਨ੍ਹਾਂ ਨੂੰ ਤੁਰੰਤ ਡਾਇਲਿਸਿਜ਼ ਦੀ ਲੋੜ ਹੋਵੇ ਜਾਂ ਏ. ਵੀ. ਫਿਸਟੂਲਾ ਹਾਲੇ ਤਿਆਰ ਨਾ ਹੋਈ ਹੋਵੇ | ਜੇਕਰ ਇਸ ਟਿਊਬ ਦੀ ਲਗਾਤਾਰ ਸਾਫ਼-ਸਫ਼ਾਈ ਹੁੰਦੀ ਰਹੇ ਤਾਂ ਇਹ 6 ਮਹੀਨਿਆਂ ਤੱਕ ਕੰਮ ਕਰ ਸਕਦੀ ਹੈ | ਅਜਿਹੀ ਸਹੂਲਤ ਹੁਣ ਤੱਕ ਪੀ. ਜੀ. ਆਈ. ਵਰਗੇ ਵੱਡੇ ਹਸਪਤਾਲਾਂ ਵਿਚ ਹੀ ਮਿਲਦੀ ਸੀ | ਇਸ ਮੌਕੇ ਗੱਲਬਾਤ ਕਰਦਿਆਂ ਗੁਰਦਾ ਮਾਹਿਰ ਡਾ. ਅੰਕੁਰ ਚੌਧਰੀ ਨੇ ਕਿਹਾ ਕਿ ਇਹ ਜ਼ਿਲ੍ਹਾ ਹਸਪਤਾਲ ਵਿਚ ਸੁਰੱਖਿਅਤ ਅਤੇ ਸਮੇਂ ਸਿਰ ਹੀਮੋਡਾਇਲਿਸਿਜ਼ ਸੇਵਾ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ | ਇਸੇ ਦੌਰਾਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐੱਚ. ਐੱਸ. ਚੀਮਾ ਨੇ ਕਿਹਾ ਕਿ ਸਰਕਾਰੀ ਸਿਹਤ ਪ੍ਰਣਾਲੀ ਵਿਚ ਪਰਮਕੈਥ ਵਰਗੀਆਂ ਆਧੁਨਿਕ ਡਾਇਲਿਸਿਜ਼ ਐਕਸੈਸ ਪ੍ਰਕਿਰਿਆਵਾਂ ਦੀ ਸ਼ੁਰੂਆਤ ਮਹੱਤਵਪੂਰਨ ਉਪਲੱਬਧੀ ਹੈ, ਜੋ ਕਿ ਨਿਯਮਿਤ ਹੀਮੋਡਾਇਲਿਸਿਜ਼ ਵਾਲੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਸਰਕਾਰੀ ਸਿਹਤ ਪ੍ਰਣਾਲੀ ਵਿਚ ਕਿਡਨੀ ਕੇਅਰ, ਡਾਇਲਿਸਿਜ਼ ਸੁਵਿਧਾਵਾਂ ਤੇ ਨੇਫਰੋਲੋਜੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ |