18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਮਲਾ ਬਿਨਾਂ ਡਿਊਟੀ 'ਤੇ ਗਏ ਤਨਖ਼ਾਹ ਲੈਣ ਦਾ ਗਿ੍ਫ਼ਤਾਰੀ ਤੋਂ 11 ਦਿਨਾਂ ਬਾਅਦ ਭਾਜਪਾ ਕੌਂਸਲਰ ਦੀ ਭਾਬੀ ਕੋਮਲ ਸ਼ਰਮਾ ਨੂੰ ਮਿਲੀ ਜ਼ਮਾਨਤ <br/>

ਅਜੀਤ ਡੈਸਕ 23-01-2026
0ਐੱਸ. ਏ. ਐੱਸ. ਨਗਰ, 22 ਜਨਵਰੀ (ਕਪਿਲ ਵਧਵਾ)-ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿਚ ਆਊਟਸੋਰਸਿੰਗ ਆਧਾਰ 'ਤੇ ਤਾਇਨਾਤ ਕਲਰਕ ਕੋਮਲ ਸ਼ਰਮਾ ਨੂੰ ਬਿਨਾਂ ਡਿਊਟੀ 'ਤੇ ਗਏ ਤਨਖ਼ਾਹ ਲੈਣ ਦੇ ਮਾਮਲੇ ਵਿਚ ਅਦਾਲਤ ਵਲੋਂ ਨਿਯਮਿਤ ਜ਼ਮਾਨਤ ਦੇ ਦਿੱਤੀ ਗਈ ਹੈ | ਕੋਮਲ ਸ਼ਰਮਾ ਭਾਜਪਾ ਦੀ ਚੰਡੀਗੜ੍ਹ ਦੇ ਵਾ. ਨੰ. 4 ਤੋਂ ਕੌਂਸਲਰ ਸੁਮਨ ਸ਼ਰਮਾ ਦੀ ਭਾਬੀ ਹੈ | ਉਸ ਦੀ ਗਿ੍ਫ਼ਤਾਰੀ ਤੋਂ 11 ਦਿਨਾਂ ਬਾਅਦ ਇਹ ਰਾਹਤ ਮਿਲੀ ਹੈ, ਜਿਸ ਦੌਰਾਨ ਉਹ 3 ਦਿਨ ਪੁਲਿਸ ਰਿਮਾਂਡ 'ਚ ਵੀ ਰਹੀ | ਇਸ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹਾਲੀ ਹਰਦੀਪ ਸਿੰਘ ਦੀ ਅਦਾਲਤ ਵਿਚ ਹੋਈ | ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਮਲ ਸ਼ਰਮਾ ਨੂੰ 25 ਹਜ਼ਾਰ ਰੁ. ਦੇ ਨਿੱਜੀ ਮੁਚਲਕੇ 'ਤੇ ਰਿਹਾਅ ਕਰਨ ਦੇ ਹੁਕਮ ਸੁਣਾਏ | ਜ਼ਿਕਰਯੋਗ ਹੈ ਕਿ ਕੋਮਲ ਸ਼ਰਮਾ ਨੂੰ 11 ਜਨਵਰੀ 2026 ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਸ਼ੁਰੂ ਵਿਚ ਮਿਲੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਦੀ ਮਿਆਦ ਖ਼ਤਮ ਹੋਣ ਉਪਰੰਤ 13 ਜਨਵਰੀ ਨੂੰ ਉਸ ਨੂੰ ਮੁੜ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਪੁਲਿਸ ਦੀ ਮੰਗ 'ਤੇ ਉਸ ਦਾ ਇਕ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ | ਜਾਂਚ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਹੋਰਨਾਂ ਧਾਰਾਵਾਂ ਦਾ ਵਾਧਾ ਵੀ ਕੀਤਾ ਸੀ, ਜਿਸ ਤੋਂ ਬਾਅਦ ਕੁੱਲ ਮਿਲਾ ਕੇ ਕੋਮਲ ਸ਼ਰਮਾ 3 ਦਿਨ ਪੁਲਿਸ ਰਿਮਾਂਡ 'ਤੇ ਰਹੀ ਅਤੇ ਫ਼ਿਰ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ | ਮੁਹਾਲੀ ਪੁਲਿਸ ਮੁਤਾਬਿਕ ਕੋਮਲ ਸ਼ਰਮਾ ਖ਼ਿਲਾਫ਼ 10 ਜਨਵਰੀ 2026 ਨੂੰ ਥਾਣਾ ਸੋਹਾਣਾ ਵਿਖੇ ਐੱਫ. ਆਈ. ਆਰ. ਨੰ. 8 ਦਰਜ ਕੀਤੀ ਗਈ ਸੀ | ਦੋਸ਼ ਹੈ ਕਿ ਉਹ ਡਿਊਟੀ 'ਤੇ ਗ਼ੈਰਹਾਜ਼ਰ ਰਹੀ, ਪਰ ਇਸ ਦੇ ਬਾਵਜੂਦ ਕਥਿਤ ਤੌਰ 'ਤੇ ਪੂਰੀ ਤਨਖ਼ਾਹ ਲੈਂਦੀ ਰਹੀ | ਜਾਂਚ ਦੌਰਾਨ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 316 (5) ਦੇ ਨਾਲ-ਨਾਲ 340 (2), 336 (3), 338, 336 (2) ਅਤੇ 318 (4) ਵੀ ਸ਼ਾਮਿਲ ਕੀਤੀਆਂ ਸਨ, ਜਿਨ੍ਹਾਂ ਤਹਿਤ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਤੱਕ ਹੋ ਸਕਦੀ ਹੈ |
ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਰੂਚੀ ਸੇਖੜੀ ਤੇ ਐੱਚ. ਐੱਸ. ਧਨੋਆ ਵਲੋਂ ਦਲੀਲ ਦਿੱਤੀ ਗਈ ਕਿ ਸਾਰਾ ਮਾਮਲਾ ਦਸਤਾਵੇਜ਼ੀ ਸਬੂਤਾਂ 'ਤੇ ਆਧਾਰਿਤ ਹੈ, ਜੋ ਕਿ ਪਹਿਲਾਂ ਹੀ ਜਾਂਚ ਏਜੰਸੀ ਦੇ ਕਬਜ਼ੇ ਵਿਚ ਹਨ | ਪਟੀਸ਼ਨਕਰਤਾ ਦਾ ਮੋਬਾਈਲ ਫ਼ੋਨ ਵੀ ਜ਼ਬਤ ਕੀਤਾ ਜਾ ਚੁੱਕਾ ਹੈ ਅਤੇ ਉਸ ਕੋਲ ਕੋਈ ਪਾਸਪੋਰਟ ਨਹੀਂ ਹੈ, ਲਿਹਾਜ਼ਾ ਉਸ ਦੇ ਭੱਜਣ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਸੰਭਾਵਨਾ ਨਹੀਂ | ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਕੋਮਲ ਸ਼ਰਮਾ ਜੋ ਕਿ ਆਊਟਸੋਰਸਿੰਗ ਆਧਾਰ 'ਤੇ ਪੰਚਕੂਲਾ ਆਧਾਰਿਤ ਇਕ ਕੰਪਨੀ ਰਾਹੀਂ ਕੀਤੀ ਗਈ ਸੀ ਅਤੇ ਵਾਟਰ ਸਪਲਾਈ ਵਿਭਾਗ ਦਾ ਦਫ਼ਤਰ ਸੈਕਟਰ-27 ਚੰਡੀਗੜ੍ਹ ਵਿਖੇ ਹੈ, ਜਿਸ ਨਾਲ ਮੁਹਾਲੀ ਪੁਲਿਸ ਇਸ ਮਾਮਲੇ ਸੰਬੰਧੀ ਕਾਰਵਾਈ ਕਰਨ ਤੋਂ ਅਸਮਰਥ ਹੈ | ਦੂਜੇ ਪਾਸੇ ਸਰਕਾਰ ਅਤੇ ਸ਼ਿਕਾਇਤਕਰਤਾ ਪੱਖ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਕੋਮਲ ਸ਼ਰਮਾ ਵਲੋਂ ਲਗਭਗ 6 ਲੱਖ ਰੁ. ਤਨਖ਼ਾਹ ਗ਼ਲਤ ਤਰੀਕੇ ਨਾਲ ਲਈ ਗਈ ਹੈ, ਜਿਸ ਦੀ ਬਰਾਮਦਗੀ ਹੋਣੀ ਬਾਕੀ ਹੈ ਅਤੇ ਮਾਮਲਾ ਸਰਕਾਰੀ ਖ਼ਜ਼ਾਨੇ ਨਾਲ ਜੁੜਿਆ ਹੋਇਆ ਹੈ | ਅਦਾਲਤ ਨੇ ਕਿਹਾ ਕਿ ਮਾਮਲੇ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼ ਪਹਿਲਾਂ ਹੀ ਪੁਲਿਸ ਦੇ ਕਬਜ਼ੇ ਵਿਚ ਹਨ, ਲਿਹਾਜ਼ਾ ਇਸ ਮਾਮਲੇ 'ਚ ਅਰਜ਼ੀਕਰਤਾ ਨੂੰ ਹੋਰ ਹਿਰਾਸਤ ਵਿਚ ਰੱਖਣ ਦੀ ਲੋੜ ਨਹੀਂ ਹੈ | ਹਾਲਾਂਕਿ ਅਦਾਲਤ ਨੇ ਇਹ ਵੀ ਸ਼ਰਤਾਂ ਲਗਾਈਆਂ ਹਨ ਕਿ ਕੋਮਲ ਸ਼ਰਮਾ ਜਾਂਚ ਵਿਚ ਪੂਰਾ ਸਹਿਯੋਗ ਦੇਵੇਗੀ, ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗੀ, ਬਿਨਾਂ ਅਦਾਲਤੀ ਇਜਾਜ਼ਤ ਦੇ ਦੇਸ਼ ਤੋਂ ਬਾਹਰ ਨਹੀਂ ਜਾਵੇਗੀ ਤੇ ਹਰ ਪੇਸ਼ੀ 'ਤੇ ਅਦਾਲਤ ਵਿਚ ਹਾਜ਼ਰ ਰਹੇਗੀ |


ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਗੁਰਦੇ ਦੇ ਮਰੀਜ਼ ਨੂੰ ਪਹਿਲੀ ਵਾਰ ਲਗਾਈ ਗਈ ਵਿਸ਼ੇਸ਼ ਪਲਾਸਟਿਕ ਟਿਊਬ <br/> ਅਗਲੀ ਖ਼ਬਰ ਮੁਹਾਲੀ ਸ਼ਹਿਰ 'ਚ ਕੱਢੇ ਗਏ 1000 ਕਰੋੜ ਤੋਂ ਵੱਧ ਦੇ ਸਾਂਝੇ ਟੈਂਡਰ ਨੂੰ ਲੈ ਕੇ ਹੰਗਾਮਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।