ਪੰਚਕੂਲਾ, 22 ਜਨਵਰੀ (ਕਪਿਲ)-ਸਟੇਟ ਵਿਜੀਲੈਂਸ ਤੇ ਐਂਟੀ ਕੁਰੱਪਸ਼ਨ ਬਿਊਰੋ ਪੰਚਕੂਲਾ ਨੇ ਭਿ੍ਸ਼ਟਾਚਾਰ ਦੇ ਇਕ ਮਾਮਲੇ 'ਚ ਸਖ਼ਤ ਕਾਰਵਾਈ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਯਮੁਨਾਨਗਰ ਨਾਲ ਸੰਬੰਧਿਤ ਦੋ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ 'ਚ ਸਬੂਤ ਮਿਲਣ ਤੋਂ ਬਾਅਦ ਠੇਕਾ ਆਧਾਰਿਤ ਡਾਟਾ ਐਂਟਰੀ ਆਪ੍ਰੇਟਰ ਮਨਦੀਪ ਕੁਮਾਰ ਨੂੰ ਸਟੇਟ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਦੇ ਉਪ-ਕੇਂਦਰ ਯਮੁਨਾਨਗਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਬਿਊਰੋ ਪੰਚਕੂਲਾ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਉਸ ਦੇ ਹਸਪਤਾਲ ਲਈ ਸੀ. ਟੀ. ਈ. (ਕੰਸੈਂਟ ਟੂ ਐਸਟੈਬਲਿਸ਼) ਸਰਟੀਫ਼ਿਕੇਟ ਜਾਰੀ ਕਰਨ ਦੇ ਬਦਲੇ ਪ੍ਰਦੂਸ਼ਣ ਕੰਟਰੋਲ ਬੋਰਡ ਯਮੁਨਾਨਗਰ 'ਚ ਤਾਇਨਾਤ ਸਹਾਇਕ ਅਧਿਕਾਰੀ ਦਿਵਿਆ ਜੋਸ਼ੀ ਵਲੋਂ 60 ਹਜ਼ਾਰ ਰੁ. ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਬਾਅਦ 'ਚ ਇਹ ਸੌਦਾ 35,000 ਰੁ. 'ਚ ਤੈਅ ਹੋਇਆ ਸੀ | ਇਸ ਸਮਝੌਤੇ ਤਹਿਤ 5 ਹਜ਼ਾਰ ਰੁ. ਦੀ ਰਕਮ ਪਹਿਲਾਂ ਹੀ ਠੇਕਾ ਆਧਾਰਿਤ ਡਾਟਾ ਐਂਟਰੀ ਆਪ੍ਰੇਟਰ ਮਨਦੀਪ ਕੁਮਾਰ ਦੇ ਜ਼ਰੀਏ ਪ੍ਰਾਪਤ ਕਰ ਲਈ ਗਈ ਸੀ, ਜਦਕਿ ਸ਼ਿਕਾਇਤਕਰਤਾ ਤੋਂ ਬਾਕੀ 30 ਹਜ਼ਾਰ ਰੁ. ਦੀ ਨਕਦ ਰਿਸ਼ਵਤ ਲੈਂਦੇ ਹੋਏ ਦਿਵਿਆ ਜੋਸ਼ੀ ਨੂੰ ਸਟੇਟ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਰੰਗੇ-ਹੱਥੀਂ ਗਿ੍ਫ਼ਤਾਰ ਕੀਤਾ ਗਿਆ | ਇਸ ਮਾਮਲੇ 'ਚ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਸਟੇਟ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਪੰਚਕੂਲਾ 'ਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ |