ਪੰਚਕੂਲਾ, 22 ਜਨਵਰੀ (ਕਪਿਲ)-ਹਰਿਆਣਾ ਦੇ ਤਿੰਨ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਨੂੰ ਲੈ ਕੇ ਅੱਜ ਡਰਾਅ ਕੱਢਿਆ ਗਿਆ | ਇਹ ਡਰਾਅ ਪੰਚਕੂਲਾ ਦੇ ਸੈਕਟਰ-4 ਸਥਿਤ ਅਰਬਨ ਲੋਕਲ ਬਾਡੀ ਮੁੱਖ ਦਫ਼ਤਰ ਵਿਖੇ ਆਈ. ਏ. ਐੱਸ. ਵਰਿੰਦਰ ਕੁਮਾਰ ਦਹੀਆ ਅਤੇ ਕਮੇਟੀ ਦੇ ਹੋਰ ਮੈਂਬਰਾਂ ਦੀ ਮੌਜੂਦਗੀ 'ਚ ਕੱਢਿਆ ਗਿਆ | ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਨਗਰ ਨਿਗਮ ਚੋਣਾਂ 'ਚ ਮੇਅਰ ਅਹੁਦੇ ਲਈ ਅੰਬਾਲਾ ਤੋਂ ਮਹਿਲਾ ਬੀ. ਸੀ. (ਬੀ), ਜਦਕਿ ਪੰਚਕੂਲਾ ਅਤੇ ਸੋਨੀਪਤ ਲਈ ਓਪਨ ਸ਼੍ਰੇਣੀ ਤੋਂ ਮੇਅਰ ਅਹੁਦੇ ਦਾ ਉਮੀਦਵਾਰ ਖੜ੍ਹਾ ਹੋ ਸਕੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਦਹੀਆ ਨੇ ਦੱਸਿਆ ਕਿ ਅੱਜ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਦੀਆਂ ਨਗਰ ਨਿਗਮ ਚੋਣਾਂ ਦੇ ਮੇਅਰ ਅਹੁਦੇ ਅਤੇ ਨਗਰ ਪ੍ਰੀਸ਼ਦਾਂ ਲਈ ਡਰਾਅ ਕੱਢੇ ਗਏ ਹਨ | ਉਨ੍ਹਾਂ ਦੱਸਿਆ ਕਿ ਅੰਬਾਲਾ ਨਗਰ ਨਿਗਮ 'ਚ ਮੇਅਰ ਅਹੁਦਾ ਮਹਿਲਾ ਬੀ. ਸੀ. (ਬੀ) ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਪੰਚਕੂਲਾ ਅਤੇ ਸੋਨੀਪਤ 'ਚ ਮੇਅਰ ਪਦ ਓਪਨ ਰਹੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਰੇਵਾੜੀ ਨਗਰ ਪ੍ਰੀਸ਼ਦ ਐੱਸ. ਸੀ. (ਮਹਿਲਾ), ਧਾਰੂਹੇੜਾ 'ਚ ਓਪਨ, ਉਕਲਾਨਾ 'ਚ ਮਹਿਲਾ ਓਪਨ ਅਤੇ ਸਾਂਪਲਾ 'ਚ ਓਪਨ ਸ਼੍ਰੇਣੀ ਰੱਖੀ ਗਈ ਹੈ |