ਚੰਡੀਗੜ੍ਹ, 21 ਜਨਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਮਰਦਮਸ਼ੁਮਾਰੀ2027 ਦੀ ਸੁਚੱਜੀ ਅਤੇ ਪ੍ਰਭਾਵਸ਼ਾਲੀ ਤਿਆਰੀ ਲਈ ਪ੍ਰਸ਼ਾਸਨ ਵਲੋਂ ਕਦਮ ਤੇਜ਼ ਕਰ ਦਿੱਤੇ ਗਏ ਹਨ | ਇਸ ਸਬੰਧੀ ਯੂਟੀ/ਸੂਬਾ ਪੱਧਰੀ ਮਰਦਮਸ਼ੁਮਾਰੀ ਸਹਿ-ਸੰਯੋਜਨ ਕਮੇਟੀ (ਐੱਸ.ਐੱਲ.ਸੀ.ਸੀ.) ਦੀ ਦੂਜੀ ਮੀਟਿੰਗ ਅੱਜ ਚੰਡੀਗੜ੍ਹ ਸਕੱਤਰੇਤ ਵਿਖੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮਰਦਮਸ਼ੁਮਾਰੀ ਨਾਲ ਸਬੰਧਤ ਤਿਆਰੀਆਂ, ਮਰਦਮਸ਼ੁਮਾਰੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ, ਸਿਖਲਾਈ ਪ੍ਰੋਗਰਾਮ ਅਤੇ ਬਜਟ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਇਸ ਮੀਟਿੰਗ 'ਚ ਸਥਾਨਕ ਸਰਕਾਰਾਂ, ਰੈਵਨਿਊ, ਮੁੱਖ ਆਰਕੀਟੈਕਟ, ਅਰਬਨ ਪਲਾਨਿੰਗ, ਵਿੱਤ ਅਤੇ ਸਿੱਖਿਆ ਵਿਭਾਗਾਂ ਸਮੇਤ ਐੱਸ.ਐੱਲ.ਸੀ.ਸੀ ਦੇ ਸਾਰੇ ਮੈਂਬਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਮਰਦਮਸ਼ੁਮਾਰੀ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੰਦਿਆਂ ਫ਼ੈਸਲਾ ਕੀਤਾ ਗਿਆ ਕਿ ਪਹਿਲਾ ਚਰਨ (ਘਰ-ਸੂਚੀਕਰਨ ਕਾਰਵਾਈ) 1 ਮਈ 2026 ਤੋਂ 30 ਮਈ 2026 ਤੱਕ, ਕੁੱਲ 30 ਦਿਨਾਂ ਲਈ ਕਰਵਾਇਆ ਜਾਵੇਗਾ | ਇਸ ਤੋਂ ਪਹਿਲਾਂ 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ 15 ਦਿਨਾਂ ਦਾ ਸਵੈ-ਗਣਨਾ (ਸੈਲਫ਼ ਇਨਯੂਮੇਰੇਸ਼ਨ) ਅਰਸਾ ਵੀ ਰੱਖਿਆ ਜਾਵੇਗਾ | ਇਹ ਤਾਰੀਖ਼ਾਂ ਜਲਦ ਹੀ ਯੂਟੀ ਚੰਡੀਗੜ੍ਹ ਦੇ ਸਰਕਾਰੀ ਗਜ਼ਟ ਵਿਚ ਜਾਰੀ ਕੀਤੀਆਂ ਜਾਣਗੀਆਂ | ਡਿਜ਼ਿਟਲ ਜਨਗਣਨਾ ਦੀ ਤਿਆਰੀਆਂ ਤਹਿਤ ਪਿ੍ੰਸੀਪਲ ਸੈਂਸਸ ਅਫ਼ਸਰ (ਡਿਪਟੀ ਕਮਿਸ਼ਨਰ) ਅਤੇ ਹੋਰ ਸੀਨੀਅਰ ਅਧਿਕਾਰੀਆਂ, ਸਮੇਤ ਚਾਰਜ ਅਫ਼ਸਰਾਂ ਨੂੰ ਜਾਗਰੂਕ ਅਤੇ ਤਿਆਰ ਕਰਨ ਲਈ 25 ਫ਼ਰਵਰੀ 2026 ਨੂੰ ਇਕ ਦਿਨਾ ਕਾਨਫਰੰਸ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਕਾਨਫਰੰਸ ਡਾਇਰੈਕਟੋਰੇਟ ਆਫ਼ ਸੈਂਸਸ ਆਪਰੇਸ਼ਨਜ਼, ਯੂਟੀ ਚੰਡੀਗੜ੍ਹ ਵਲੋਂ ਕਰਵਾਈ ਜਾਵੇਗੀ | ਮੀਟਿੰਗ ਦੌਰਾਨ ਸਾਰੰਗਪੁਰ ਅਤੇ ਸੈਕਟਰ 22 ਦੀਆਂ ਦੋ ਥਾਵਾਂ 'ਤੇ ਸਫਲਤਾਪੂਰਵਕ ਕਰਵਾਈਆਂ ਗਈਆਂ ਪ੍ਰੀ-ਟੈਸਟ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ ਗਈ | ਇਸ ਦੇ ਨਾਲ ਹੀ ਮੁੱਖ ਮਰਦਮਸ਼ੁਮਾਰੀ ਲਈ ਚੱਲ ਰਹੀਆਂ ਤਿਆਰੀਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਸਿਖਲਾਈ ਸਬੰਧੀ ਮਾਸਟਰ ਸਿੱਖਿਅਕਾਂ ਅਤੇ ਫ਼ੀਲਡ ਟ੍ਰੇਨਰਾਂ ਨੂੰ ਸ਼ਾਮਲ ਕਰਦੇ ਹੋਏ ਤਿਆਰ ਕੀਤੇ ਗਏ ਵਿਸਥਾਰਤ ਸਿਖਲਾਈ ਸ਼ਡਿਊਲ 'ਤੇ ਚਰਚਾ ਕਰਕੇ ਉਸ ਨੂੰ ਮਨਜ਼ੂਰੀ ਦਿੱਤੀ ਗਈ | ਫ਼ੈਸਲਾ ਕੀਤਾ ਗਿਆ ਕਿ ਜਨਗਣਨਾ ਨਾਲ ਜੁੜੀਆਂ ਟ੍ਰੇਨਿੰਗ ਸੈਸ਼ਨਾਂ ਦੀ ਸ਼ੁਰੂਆਤ ਫ਼ਰਵਰੀ 2026 ਦੇ ਤੀਜੇ ਹਫ਼ਤੇ ਤੋਂ ਕਰ ਦਿੱਤੀ ਜਾਵੇਗੀ | ਮੀਟਿੰਗ ਦੇ ਆਖਰ 'ਚ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਸਾਰੀਆਂ ਜਨਗਣਨਾ ਸਬੰਧੀ ਤਿਆਰੀਆਂ ਨੂੰ ਸਮੇਂ ਸਿਰ ਪੂਰਾ ਕਰਨ 'ਤੇ ਜ਼ੋਰ ਦਿੰਦਿਆਂ ਸਾਰੇ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਅਤੇ ਪੂਰੇ ਸਹਿਯੋਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਯੂਟੀ ਚੰਡੀਗੜ੍ਹ 'ਚ ਮਰਦਮਸ਼ੁਮਾਰੀ 2027 ਨੂੰ ਸੁਚੱਜੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚੜ੍ਹਾਇਆ ਜਾ ਸਕੇ |