ਡੇਰਾਬੱਸੀ, 21 ਜਨਵਰੀ (ਗੁਰਮੀਤ ਸਿੰਘ)-ਬੀਤੀ ਰਾਤ ਬਰਵਾਲਾ ਸੜਕ 'ਤੇ ਸਥਿਤ ਇਕ ਫੈਕਟਰੀ 'ਚੋਂ ਚੋਰਾਂ ਵਲੋਂ 60 ਤੋਂ 70 ਲੱਖ ਰੁ. ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰਾਂ ਨੇ ਇਲੈਕਟ੍ਰੀਕਲ ਕੱਟਰ ਨਾਲ ਤਾਲੇ ਦੀ ਕੁੰਡੀਆ ਕੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਇਸ ਸੰਬੰਧੀ ਫੈਕਟਰੀ ਮਾਲਕਾਂ ਵਲੋਂ ਮਾਮਲੇ ਦੀ ਸ਼ਿਕਾਇਤ ਕਰਨ 'ਤੇ ਪੁਲਿਸ ਨੇ ਮੌਕੇ ਦਾ ਦੌਰਾ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਵਾਰਦਾਤ ਨੂੰ ਚੋਰਾਂ ਨੇ ਸੁਰੱਖਿਆ ਕਰਮੀਆ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਾਂਦੇ ਹੌਏ ਚੋਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀ. ਵੀ. ਆਰ. ਵੀ ਨਾਲ ਲੈ ਗਏ | ਇਸ ਸੰਬੰਧੀ ਬਰਵਾਲਾ ਸੜਕ 'ਤੇ ਹੰਸਾ ਪਾਰਕ ਸਾਹਮਣੇ ਸਥਿਤ ਗੁਰਾਦੇਸ਼ ਇੰਟਰਪ੍ਰਾਈਜਿਜ਼ ਦੇ ਮਾਲਕ ਆਦੇਸ਼ ਕੌਂਡਲ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਬਿਜਲੀ ਕੱਟਰ ਨਾਲ ਫੈਕਟਰੀ ਦੇ ਦਰਵਾਜਿਆਂ ਨੂੰ ਲੱਗੀ ਤਾਲੇ ਵਾਲੀ ਕੁੰਡੀਆਂ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਦੋਂ ਤੜਕੇ ਸੁਰੱਖਿਆ ਕਰਮੀ ਉੱਠਿਆ ਤਾਂ ਉਸਦੇ ਕਮਰੇ ਦੀ ਬਾਹਰੋਂ ਕੁੰਡੀ ਲੱਗੀ ਹੋਈ ਸੀ | ਇਸ ਦੌਰਾਨ ਜਦੋਂ ਦਰਵਾਜਾ ਨਾ ਖੁੱਲਿਆ ਤਾਂ ਉਨ੍ਹਾਂ ਨੇ ਡੇਰਾਬੱਸੀ ਰਹਿੰਦੇ ਫੈਕਟਰੀ ਮੈਨੇਜਰ ਨੂੰ ਫ਼ੋਨ ਕਰਕੇ ਗੱਲ ਦੱਸੀ, ਜਿਸ ਤੋਂ ਬਾਅਦ ਫੈਕਟਰੀ ਮੈਨੇਜਰ ਮੌਕੇ 'ਤੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਫੈਕਟਰੀ ਦੇ ਮੁੱਖ ਗੇਟ ਸਮੇਤ ਹੋਰਨਾਂ ਥਾਵਾਂ 'ਤੇ ਲੱਗੇ ਤਾਲੇ ਵਾਲੀ ਕੁੰਡੀਆਂ ਕਟੀਆਂ ਹੋਈਆਂ ਸਨ ਅਤੇ ਪਹਿਲੀ ਮੰਜ਼ਿਲ 'ਤੇ ਰਹਿੰਦੇ ਸੁਰੱਖਿਆ ਕਰਮੀ ਦੇ ਕਮਰੇ ਦਾ ਬਾਹਰੋਂ ਦਰਵਾਜਾ ਬੰਦ ਸੀ ਤੇ ਫੈਕਟਰੀ ਅੰਦਰੋਂ ਕੈਮਰਿਆਂ ਦੀ ਡੀ. ਵੀ. ਆਰ. ਵੀ ਗਾਇਬ ਸੀ | ਇਸ ਮਾਮਲੇ ਸੰਬੰਧੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ ਦਾ ਦੌਰਾ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵਲੋਂ ਫੈਕਟਰੀ ਦੇ ਸੁਰੱਖਿਆ ਕਰਮੀਆਂ ਤੋ ਵੀ ਪੁਛਗਿੱਛ ਕੀਤੀ ਜਾ ਰਹੀ ਹੈ | ਫਿਲਹਾਲ ਇਹ ਮਾਮਲਾ ਪੁਲਿਸ ਨੂੰ ਸ਼ੱਕੀ ਜਾਪ ਰਿਹਾ ਹੈ |