05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਦਲਦੀ ਜੀਵਨਸ਼ੈਲੀ, ਵਧਦੀ ਦੁੱਧ ਦੀ ਮੰਗ ਤੇ ਘਟਦੀ ਪੈਦਾਵਾਰ ਮਿਲਾਵਟਖੋਰਾਂ ਲਈ ਵਰਦਾਨ ਮਨਜੀਤ ਸਿੰਘ ਦੁੱਗਰੀ

ਫੁੱਲਾਂਵਾਲ, 4 ਅਕਤੂਬਰ-ਪੁਰਾਣੇ ਸਮਿਆਂ ‘ਚ ਪੰਜਾਬ ਦੇ ਪਿੰਡਾਂ ਦੀ ਪਛਾਣ ਖੇਤਾਂ ਦੇ ਨਾਲ-ਨਾਲ ਪਸ਼ੂਆਂ ਦੇ ਵਾੜਿਆਂ, ਮੱਝਾਂ ਦੇ ਸੰਗਲ਼ਾਂ ਅਤੇ ਤਾਜ਼ੇ ਦੁੱਧ ਦੀਆਂ ਬਾਲਟੀਆਂ ਨਾਲ ਹੁੰਦੀ ਸੀ। ਘਰ ਵਿਚ ਕਿੰਨੀਆਂ ਵੀ ਮੱਝਾਂ ਹੋਣ, ਦੁੱਧ ਦੀ ਘਾਟ ਮਹਿਸੂਸ ਨਹੀਂ ਹੁੰਦੀ ਸੀ, ਹਰ ਆਏ-ਗਏ ਮਹਿਮਾਨ ਨੂੰ ਦੁੱਧ ਦੇ ਨਾਲ-ਨਾਲ ਲੱਸੀ ਪੀਣ ਦੀ ‘ਸੁਲ੍ਹਾ’ ਜ਼ਰੂਰ ਮਾਰੀ ਜਾਂਦੀ ਸੀ, ਪਰ ਸਮੇਂ ਦੇ ਬਦਲਾਅ ਨਾਲ ਪੰਜਾਬੀ ਨੌਜਵਾਨੀ ਨੇ ਮੱਝਾਂ ਦੇ ਸੰਗਲ਼ ਛੱਡ ਕੇ ਮਹਿੰਗੇ ਕੁੱਤੇ ਅਤੇ ਘੋੜੇ ਪਾਲਣ ਨੂੰ ਆਪਣਾ ਸ਼ੌਕ ਬਣਾ ਲਿਆ ਹੈ।

ਅਜੀਤ ਡੈਸਕ 05-10-2026
ਫੁੱਲਾਂਵਾਲ, 4 ਅਕਤੂਬਰ-ਪੁਰਾਣੇ ਸਮਿਆਂ ‘ਚ ਪੰਜਾਬ ਦੇ ਪਿੰਡਾਂ ਦੀ ਪਛਾਣ ਖੇਤਾਂ ਦੇ ਨਾਲ-ਨਾਲ ਪਸ਼ੂਆਂ ਦੇ ਵਾੜਿਆਂ, ਮੱਝਾਂ ਦੇ ਸੰਗਲ਼ਾਂ ਅਤੇ ਤਾਜ਼ੇ ਦੁੱਧ ਦੀਆਂ ਬਾਲਟੀਆਂ ਨਾਲ ਹੁੰਦੀ ਸੀ। ਘਰ ਵਿਚ ਕਿੰਨੀਆਂ ਵੀ ਮੱਝਾਂ ਹੋਣ, ਦੁੱਧ ਦੀ ਘਾਟ ਮਹਿਸੂਸ ਨਹੀਂ ਹੁੰਦੀ ਸੀ, ਹਰ ਆਏ-ਗਏ ਮਹਿਮਾਨ ਨੂੰ ਦੁੱਧ ਦੇ ਨਾਲ-ਨਾਲ ਲੱਸੀ ਪੀਣ ਦੀ ‘ਸੁਲ੍ਹਾ’ ਜ਼ਰੂਰ ਮਾਰੀ ਜਾਂਦੀ ਸੀ, ਪਰ ਸਮੇਂ ਦੇ ਬਦਲਾਅ ਨਾਲ ਪੰਜਾਬੀ ਨੌਜਵਾਨੀ ਨੇ ਮੱਝਾਂ ਦੇ ਸੰਗਲ਼ ਛੱਡ ਕੇ ਮਹਿੰਗੇ ਕੁੱਤੇ ਅਤੇ ਘੋੜੇ ਪਾਲਣ ਨੂੰ ਆਪਣਾ ਸ਼ੌਕ ਬਣਾ ਲਿਆ ਹੈ। ਜਿਹੜੇ ਹੱਥ ਕਦੇ ਪਸ਼ੂਆਂ ਨੂੰ ਚਾਰਾ ਪਾਉਂਦੇ ਅਤੇ ਦੁੱਧ ਚੋਂਦੇ ਸਨ, ਉਨ੍ਹਾਂ ਵਿਚੋਂ ਕਈ ਹੁਣ ਪਾਲਤੂ ਕੁੱਤਿਆਂ ਨੂੰ ਮਹਿੰਗੀ ਖ਼ੁਰਾਕ ਖੁਆਉਣ ਅਤੇ ਘੋੜਿਆਂ ਦੀ ਦੇਖਭਾਲ ਵਿਚ ਮਾਣ ਮਹਿਸੂਸ ਕਰਦੇ ਹਨ। ਹਾਲਾਤ ਇੱਥੋਂ ਤੱਕ ਬਦਲ ਗਏ ਹਨ ਕਿ ਦੁੱਧ ਪੀਣ ਵਾਲੇ ਤਾਂ ਰਹਿ ਗਏ, ਪਰ ਦੁੱਧ ਪੈਦਾ ਕਰਨ ਵਾਲੇ ਪਸ਼ੂ ਘਰਾਂ ‘ਚੋਂ ਲਗਾਤਾਰ ਘਟਦੇ ਗਏ, ਜਿਸ ਨਾਲ ਪੁਰਾਤਨ ਪੰਜਾਬੀ ਮੁਹਾਵਰਾ ਜ਼ਰੂਰ ਸੱਚ ਸਾਬਤ ਹੋਇਆ ਕਿ ‘ਮੱਝ ਵੇਚ ਕੇ ਘੋੜੀ ਲਿਆਂਦੀ, ਦੁੱਧ ਪੀਣੋਂ ਗਏ, ਲਿੱਦ ਚੁੱਕਣੀ ਪਈ’। ਇਹ ਬਦਲਾਅ ਸਿਰਫ਼ ਪੇਂਡੂ ਜੀਵਨ-ਸ਼ੈਲੀ ਦੀ ਤਸਵੀਰ ਨਹੀਂ ਬਦਲ ਰਿਹਾ, ਸਗੋਂ ਇਸ ਦਾ ਸਿੱਧਾ ਅਸਰ ਦੁੱਧ ਦੀ ਪੈਦਾਵਾਰ ਅਤੇ ਮੰਗ ਦੇ ਵੱਡੇ ਪਾੜੇ ਦਾ ਕਾਰਨ ਵੀ ਬਣਿਆ ਹੈ। ਚਾਹ, ਦੁੱਧ, ਦਹੀਂ, ਲੱਸੀ, ਪਨੀਰ, ਮੱਖਣ, ਖੋਆ ਅਤੇ ਮਿਠਾਈਆਂ ਤੋਂ ਲੈ ਕੇ ਦੁੱਧ ਨਾਲ ਤਿਆਰ ਹੋਣ ਵਾਲੇ ਦਰਜਨਾਂ ਉਤਪਾਦਾਂ ਦੀ ਮੰਗ ਸ਼ਹਿਰਾਂ ਵਿਚ ਤੇਜ਼ੀ ਨਾਲ ਵਧੀ ਹੈ। ਦੂਜੇ ਪਾਸੇ ਪਰਿਵਾਰਕ ਪੱਧਰ ’ਤੇ ਪਸ਼ੂ ਪਾਲਣ ਦਾ ਰੁਝਾਨ ਘਟਿਆ ਹੈ। ਨਤੀਜਾ ਸਾਫ਼ ਹੈ, ਮੰਗ ਵਧਦੀ ਗਈ ਤੇ ਘਰੇਲੂ ਅਤੇ ਛੋਟੇ ਪੱਧਰ ਦੀ ਪੈਦਾਵਾਰ ਦਾ ਆਧਾਰ ਕਮਜ਼ੋਰ ਹੁੰਦਾ ਗਿਆ। ਜਦੋਂ ਬਾਜ਼ਾਰ ਵਿਚ ਅਸਲੀ ਦੁੱਧ ਦੀ ਮੰਗ ਵੱਧ ਹੋਵੇ ਅਤੇ ਉਸ ਦੇ ਮੁਕਾਬਲੇ ਪੈਦਾਵਾਰ ਘੱਟ ਹੋਵੇ ਤਾਂ ਮੁਨਾਫ਼ਾਖ਼ੋਰ ਕਿਸੇ ਨਾ ਕਿਸੇ ਤਰੀਕੇ ਆਪਣਾ ਰਾਹ ਬਣਾ ਲੈਂਦੇ ਹਨ। ਦੁੱਧ ਵਿਚ ਪਾਣੀ ਮਿਲਾਉਣ ਤੋਂ ਲੈ ਕੇ ਕਥਿਤ ਤੌਰ ’ਤੇ ਦੁੱਧ ਵਰਗਾ ਪਦਾਰਥ ਤਿਆਰ ਕਰਨ ਤੱਕ ਦੇ ਗੈਰ-ਕਾਨੂੰਨੀ ਤਰੀਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਬਣ ਰਹੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਆਮ ਖਪਤਕਾਰ ਲਈ ਅਸਲੀ ਅਤੇ ਮਿਲਾਵਟੀ ਦੁੱਧ ਵਿਚ ਫ਼ਰਕ ਕਰਨਾ ਆਸਾਨ ਨਹੀਂ। ਸ਼ਹਿਰਾਂ ਦੇ ਬਾਹਰੀ ਇਲਾਕਿਆਂ ਵਿਚ ਤੇਜ਼ੀ ਨਾਲ ਵੱਸ ਰਹੀਆਂ ਵੱਡੀ ਆਬਾਦੀ ਵਾਲੀਆਂ ਕਾਲੋਨੀਆਂ ਨੇ ਵੀ ਇਸ ਧੰਦੇ ਨੂੰ ਨਵਾਂ ਬਾਜ਼ਾਰ ਮੁਹੱਈਆ ਕਰਵਾ ਦਿੱਤਾ ਹੈ। ਪਹਿਲਾਂ ਸ਼ਹਿਰ ਦੇ ਨਾਲ ਲੱਗਦੇ ਪਿੰਡਾ ਦੁੱਗਰੀ, ਜਵੱਦੀ, ਦਾਦ, ਥਰੀਕੇ ਆਦਿ ਵਿਚ ਜਿੱਥੇ ਵੱਡੀ ਗਿਣਤੀ ‘ਚ ਘਰੇਲੂ ਡੇਅਰੀਆਂ ਹੋਣ ਕਰਕੇ ਲੋਕ ਪਿੰਡਾਂ ਤੋਂ ਸਿੱਧਾ ਦੁੱਧ ਲੈ ਲੈਂਦੇ ਸਨ, ਉੱਥੇ ਹੁਣ ਹਜ਼ਾਰਾਂ ਪਰਿਵਾਰ ਬੰਦ ਕਾਲੋਨੀਆਂ ਵਿਚ ਰਹਿੰਦੇ ਹਨ। ਇਨ੍ਹਾਂ ਕਾਲੋਨੀਆਂ ਵਿਚ ਰੋਜ਼ਾਨਾ ਦੁੱਧ ਦੀ ਵੱਧ ਮੰਗ ਹੁੰਦੀ ਹੈ, ਜੋ ਘਰ-ਘਰ ਦੁੱਧ ਪਹੁੰਚਾਉਣ ਵਾਲੇ ਛੋਟੇ ਵਿਕਰੇਤਾਵਾਂ ਤੋਂ ਲੈ ਕੇ ਵੱਡੇ ਪੱਧਰ ’ਤੇ ਦੁੱਧ ਇਕੱਠਾ ਕਰਨ ਵਾਲਿਆਂ ਤੱਕ ਇਕ ਵਿਸ਼ਾਲ ਸਪਲਾਈ ਚੇਨ ਬਣ ਚੁੱਕੀ ਹੈ। ਇਸੇ ਚੇਨ ਵਿਚ ਜੇਕਰ ਕਿਤੇ ਨਿਗਰਾਨੀ ਢਿੱਲੀ ਪੈਂਦੀ ਹੈ ਤਾਂ ਮਿਲਾਵਟਖੋਰਾਂ ਨੂੰ ਆਪਣਾ ਧੰਦਾ ਚਲਾਉਣ ਲਈ ਥਾਂ ਮਿਲ ਜਾਂਦੀ ਹੈ। * ਅਸਲ ਸਵਾਲ ਇਹ ਹੈ ਕਿ ਜੇਕਰ ਅਸੀਂ ਦੁੱਧ ਪੈਦਾ ਕਰਨ ਵਾਲੀ ਮੱਝ ਦੇ ਸੰਗਲ਼ ਨੂੰ ਹੀ ਛੱਡ ਦੇਵਾਂਗੇ ਅਤੇ ਬਾਜ਼ਾਰ ਵਿਚ ਦੁੱਧ ਦੀ ਮੰਗ ਲਗਾਤਾਰ ਵਧਦੀ ਰਹੇਗੀ ਤਾਂ ਇਹ ਖ਼ਾਲੀ ਥਾਂ ਕੋਈ ਨਾ ਕੋਈ ਜ਼ਰੂਰ ਭਰੇਗਾ। ਫ਼ਰਕ ਸਿਰਫ਼ ਇਹ ਹੋਵੇਗਾ ਕਿ ਸਾਨੂੰ ਜਾਗਰੂਕਤਾ ਦੀ ਘਾਟ ਕਾਰਨ ਇਹ ਪਤਾ ਲਗਾਉਣ ਮੁਸ਼ਕਿਲ ਹੋਵੇਗਾ ਕਿ ਬਾਲਟੀ ਵਿਚ ਪੰਜਾਬ ਦੀ ਮੱਝ ਦਾ ਦੁੱਧ ਹੈ ਜਾਂ ਮਿਲਾਵਟਖੋਰਾਂ ਦਾ ਤਿਆਰ ਕੀਤਾ ਜ਼ਹਿਰ ਦੁੱਧ।
ਪਿਛਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੀੜਤ ਦੀ ਆਵਾਜ਼ ਸੁਣੀ ਜਾਵੇਗੀ- ਜਤਿੰਦਰ ਸਿੰਘ ਸ਼ੰਟੀ ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।