ਲੁਧਿਆਣਾ, 3 ਸਤੰਬਰ (ਅ. ਬ.)- ਮਾਨਸੂਨ ਦੇ ਮੌਸਮ ਦੌਰਾਨ ਹੋਣ ਵਾਲੀਆਂ ਆਮ ਬਿਮਾਰੀਆਂ, ਜਿਵੇਂ ਦਸਤ ਅਤੇ ਉਲਟੀਆਂ, ਕਈ ਵਾਰ ਗੰਭੀਰ ਕਿਡਨੀ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ। ਲੁਧਿਆਣਾ ਸਥਿਤ ਆਰ.ਜੀ. ਹਸਪਤਾਲ ਦੇ ਕਲੀਨੀਕਲ ਅੰਕੜਿਆਂ ਅਨੁਸਾਰ ਜੂਨ ਤੋਂ ਅਗਸਤ ਤੱਕ ਮਰੀਜ਼ਾਂ ਦੀ ਗਿਣਤੀ ਸਾਲ 2025 ਦੇ 1,257 ਤੋਂ ਵਧ ਕੇ 2026 ‘ਚ 1,363 ਹੋ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 8.4 ਫ਼ੀਸਦੀ ਵੱਧ ਹੈ। ਇਸ ਸਾਲ ਮਰੀਜ਼ਾਂ ਦੀ ਉਮਰ 6 ਤੋਂ 85 ਸਾਲ ਤੱਕ ਰਹੀ। ਪਿਛਲੇ ਸਾਲ ਦੇ ਇਸੇ ਮਾਨਸੂਨ ਸਮੇਂ ਨਾਲ ਤੁਲਨਾ ਕਰਨ ‘ਤੇ ਹਸਪਤਾਲ ‘ਚ ਨੇਫਰੋਲੋਜੀ ਸਬੰਧੀ ਡਾਕਟਰੀ ਸਲਾਹ-ਮਸ਼ਵਰੇ ਦੇ ਮਾਮਲਿਆਂ ‘ਚ 10 ਤੋਂ 15 ਫ਼ੀਸਦੀ ਅਤੇ ਐਕਿਊਟ ਕਿਡਨੀ ਇੰਜਰੀ (ਏ.ਕੇ.ਆਈ.) ਦੇ ਮਾਮਲਿਆਂ ‘ਚ 20 ਤੋਂ 30 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰਾਂ ਅਨੁਸਾਰ ਲੰਬੇ ਸਮੇਂ ਤੱਕ ਦਸਤ, ਉਲਟੀਆਂ ਅਤੇ ਪੇਟ ਦੀਆਂ ਲਾਗਾਂ ਕਾਰਨ ਹੋਣ ਵਾਲੀ ਗੰਭੀਰ ਡੀਹਾਈਡ੍ਰੇਸ਼ਨ ਇਸ ਵਾਧੇ ਦਾ ਇੱਕ ਮੁੱਖ ਕਾਰਨ ਹੋ ਸਕਦੀ ਹੈ। ਜਦੋਂ ਸਰੀਰ ‘ਚੋਂ ਬਹੁਤ ਜ਼ਿਆਦਾ ਪਾਣੀ ਅਤੇ ਜ਼ਰੂਰੀ ਲੂਣ ਬਾਹਰ ਨਿਕਲ ਜਾਂਦੇ ਹਨ ਜਾਂ ਇਲਾਜ ਕਰਵਾਉਣ ‘ਚ ਦੇਰੀ ਹੁੰਦੀ ਹੈ ਤਾਂ ਕਿਡਨੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਜਾਂਦਾ ਹੈ।ਆਰ.ਜੀ. ਹਸਪਤਾਲਜ਼ ਲੁਧਿਆਣਾ ਦੇ ਇੰਸਟੀਚਿਊਟ ਆਫ਼ ਨੇਫਰੋਲੋਜੀ ਦੇ ਡਾਇਰੈਕਟਰ ਅਤੇ ਮੁਖੀ ਡਾ. ਸੁਮਨ ਸੇਠੀ ਨੇ ਕਿਹਾ ਕਿ ਦਸਤ ਜਾਂ ਉਲਟੀਆਂ ਦੀ ਸਥਿਤੀ ‘ਚ ਸਰੀਰ ‘ਚ ਪਾਣੀ ਅਤੇ ਜ਼ਰੂਰੀ ਲੂਣਾਂ ਦੀ ਕਮੀ ਪੂਰੀ ਕਰਨਾ ਬਹੁਤ ਮਹੱਤਵਪੂਰਨ ਹੈ।