07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਿਹਤ ਵਿਭਾਗ ਵਲੋਂ ਸਪਲੀਮੈਂਟ ਸਟੋਰ ’ਤੇ ਛਾਪਾਮਾਰੀ ਦੌਰਾਨ ਭਾਰੀ ਮਾਤਰਾ ’ਚ ਨਕਲੀ ਸਾਮਾਨ ਕੀਤਾ ਬਰਾਮਦ

ਅਜੀਤ ਡੈਸਕ 30-07-2026

ਲੁਧਿਆਣਾ, 29 ਜੁਲਾਈ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਵਲੋਂ ਅੱਜ ਟਿੱਬਾ ਰੋਡ ‘ਤੇ ਸਥਿਤ ਇਕ ਸਪਲੀਮੈਂਟ ਸਟੋਰ ‘ਤੇ ਛਾਪਾਮਾਰੀ ਦੌਰਾਨ ਭਾਰੀ ਮਾਤਰਾ ‘ਚ ਨਕਲੀ ਸਾਮਾਨ ਬਰਾਮਦ ਕੀਤਾ ਹੈ। ਛਾਪੇਮਾਰੀ ਦੌਰਾਨ ਟੀਮ ਨੇ ਵੱਖ-ਵੱਖ ਨਿਊਟ੍ਰੀਸ਼ਨ ਸਪਲੀਮੈਂਟਾਂ ਦੇ ਲਗਭਗ 75 ਕਿੱਲੋਗ੍ਰਾਮ ਖ਼ਾਲੀ ਰੈਪਰ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਰੈਪਰਾਂ ਦੀ ਮੌਜੂਦਗੀ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੀ ਵਰਤੋਂ ਮੁੜ ਪੈਕਿੰਗ, ਮਿਸਬ੍ਰਾਂਡਿੰਗ ਜਾਂ ਨਕਲੀ ਸਪਲੀਮੈਂਟ ਤਿਆਰ ਕਰਕੇ ਖਪਤਕਾਰਾਂ ਨੂੰ ਗੁਮਰਾਹ ਕਰਨ ਲਈ ਕੀਤੀ ਜਾ ਸਕਦੀ ਸੀ। ਇਸ ਤੋਂ ਇਲਾਵਾ ਮੌਕੇ ਤੋਂ ਲਗਭਗ 100 ਕਿੱਲੋਗ੍ਰਾਮ ਸਪਲੀਮੈਂਟ ਵੀ ਜ਼ਬਤ ਕੀਤੇ ਗਏ। ਜਾਂਚ ਦੌਰਾਨ ਟੀਮ ਨੂੰ ਆਰਟੀਫ਼ੀਸ਼ਲ ਫਲੇਵਰਿੰਗ ਏਜੰਟ ਦੇ 36 ਡੱਬੇ ਵੀ ਬਰਾਮਦ ਹੋਏ, ਜਿਨ੍ਹਾਂ ਨੂੰ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਐਫ.ਐਸ.ਐਸ.ਏ.ਆਈ. ਦੇ ਨਿਯਮਾਂ ਤਹਿਤ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ। ਵਿੱਕਰੀ ਲਈ ਰੱਖੇ ਗਏ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਫੂਡ ਸੇਫ਼ਟੀ ਟੀਮ ਨੇ ਵੇਟ ਗੇਨਰ, ਆਈਸੋਪਿਊਰ ਵੇ ਪ੍ਰੋਟੀਨ, ਵੇ ਪ੍ਰੋਟੀਨ ਅਤੇ ਅਲਟਰਾ ਪਿਊਰ ਵੇ ਫ਼ਾਰਮੂਲਾ ਦੇ ਚਾਰ ਸੈਂਪਲ ਇਕੱਠੇ ਕਰਕੇ ਰਾਜ ਫੂਡ ਲੈਬਾਰਟਰੀ ਵਿਖੇ ਵਿਸਥਾਰਪੂਰਵਕ ਜਾਂਚ ਲਈ ਭੇਜ ਦਿੱਤੇ। ਲੈਬ ਰਿਪੋਰਟ ਪ੍ਰਾਪਤ ਹੋਣ ਉਪਰੰਤ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਧਾਰਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਅਸੁਰੱਖਿਅਤ, ਮਿਲਾਵਟੀ, ਮਿਸਬ੍ਰਾਂਡਿਡ ਅਤੇ ਨਕਲੀ ਖੁਰਾਕੀ ਉਤਪਾਦਾਂ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਿਹਤ ਸਪਲੀਮੈਂਟਾਂ ਦਾ ਕਾਰੋਬਾਰ ਕਰਨ ਵਾਲੇ ਹਰ ਫੂਡ ਬਿਜ਼ਨਸ ਅਪਰੇਟਰ ਲਈ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਲਾਇਸੈਂਸਸ਼ੁਦਾ ਉਤਪਾਦ ਹੀ ਵੇਚਣਾ ਲਾਜ਼ਮੀ ਹੈ ਅਤੇ ਉਨ੍ਹਾਂ ‘ਤੇ ਵੈਧ ਐਫ.ਐਸ.ਐਸ.ਏ.ਆਈ. ਲਾਇਸੈਂਸ ਨੰਬਰ, ਬੈਚ ਨੰਬਰ, ਨਿਰਮਾਣ ਅਤੇ ਮਿਆਦ ਸਮਾਪਤੀ ਦੀ ਤਾਰੀਖ਼, ਸਮਗਰੀ ਦਾ ਵੇਰਵਾ, ਪੋਸ਼ਣ ਸੰਬੰਧੀ ਜਾਣਕਾਰੀ ਅਤੇ ਜਿੱਥੇ ਲਾਗੂ ਹੋਵੇ ਆਯਾਤਕਾਰ ਦਾ ਵੇਰਵਾ ਸਪਸ਼ਟ ਤੌਰ ‘ਤੇ ਦਰਸਾਇਆ ਜਾਣਾ ਚਾਹੀਦਾ ਹੈ। ਡਾ. ਚਾਵਲਾ ਨੇ ਕਿਹਾ ਕਿ ਬਿਨਾਂ ਅਧਿਕਾਰ ਵਾਲੀ ਪੈਕਿੰਗ ਸਮਗਰੀ, ਆਯਾਤ ਕੀਤੇ ਖ਼ਾਲੀ ਰੈਪਰਾਂ ਜਾਂ ਆਰਟੀਫ਼ੀਸ਼ਲ ਫਲੇਵਰਿੰਗ ਏਜੰਟਾਂ ਦੀ ਗੈਰ-ਕਾਨੂੰਨੀ ਵਰਤੋਂ ਜਾਂ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਰੱਖਣਾ ਫੂਡ ਸੇਫ਼ਟੀ ਕਾਨੂੰਨਾਂ ਦੀ ਗੰਭੀਰ ਉਲੰਘਣਾ ਹੈ। ਅਜਿਹੀ ਸਮਗਰੀ ਦੀ ਵਰਤੋਂ ਕਰਕੇ ਨਕਲੀ ਜਾਂ ਮਿਸਬ੍ਰਾਂਡਿਡ ਉਤਪਾਦ ਤਿਆਰ ਕਰਨਾ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਸਿਹਤ ਦੀ ਸੁਰੱਖਿਆ ਅਤੇ ਐਫ.ਐਸ.ਐਸ.ਏ.ਆਈ. ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਲੁਧਿਆਣਾ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀਆਂ ਅਚਾਨਕ ਜਾਂਚ ਅਤੇ ਐਨਫੋਰਸਮੈਂਟ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਪਲੀਮੈਂਟ ਸਿਰਫ਼ ਭਰੋਸੇਯੋਗ ਅਤੇ ਅਧਿਕਾਰਤ ਵਿਕ੍ਰੇਤਾਵਾਂ ਤੋਂ ਹੀ ਖ਼ਰੀਦਣ ਅਤੇ ਖ਼ਰੀਦਦਾਰੀ ਤੋਂ ਪਹਿਲਾਂ ਉਤਪਾਦ ‘ਤੇ ਦਰਜ ਐਫ.ਐਸ.ਐਸ.ਏ.ਆਈ. ਲਾਇਸੈਂਸ ਨੰਬਰ, ਬੈਚ ਨੰਬਰ, ਨਿਰਮਾਣ ਅਤੇ ਮਿਆਦ ਸਮਾਪਤੀ ਦੀ ਤਾਰੀਖ਼ ਸਮੇਤ ਹੋਰ ਲਾਜ਼ਮੀ ਵੇਰਵਿਆਂ ਦੀ ਧਿਆਨ ਨਾਲ ਜਾਂਚ ਜ਼ਰੂਰ ਕਰਨ।

ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਰੋਸ ’ਚ ਅੱਜ ਪੰਜਾਬ ਬੰਦ ਅਗਲੀ ਖ਼ਬਰ ਰਾਸਾ ਪੰਜਾਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਏ. ਆਈ. ਸੈਮੀਨਾਰ ’ਚ ਪ੍ਰਭਾਵਸ਼ਾਲੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।