ਲੁਧਿਆਣਾ, 23 ਜੁਲਾਈ(ਜਤਿੰਦਰ ਭੰਬੀ)-ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ਼ ਜਿਸ ਵਿਚ ਇੰਟਕ, ਏਟਕ, ਸੀਟੂ, ਐਕਟੂ ਅਤੇ ਸੀਟੀਯੂ ਪੰਜਾਬ ਸ਼ਾਮਲ ਹਨ, ਵਲੋਂ ਜੰਤਰ-ਮੰਤਰ ‘ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ‘ਤੇ ਮੋਦੀ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰਾਂ ਦੇ ਵਿਰੋਧ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਨੀਟ ਪ੍ਰੀਖਿਆ ਵਿਚ ਹੋਈਆਂ ਗੰਭੀਰ ਬੇਨਿਯਮੀਆਂ ਅਤੇ ਘਪਲਿਆਂ ਦਾ ਅਸਰ ਲਗਭਗ 22 ਲੱਖ ਪਰਿਵਾਰਾਂ ‘ਤੇ ਪਿਆ ਹੈ ਅਤੇ ਕਈ ਵਿਦਿਆਰਥੀਆਂ ਵਲੋਂ ਆਤਮਹੱਤਿਆ ਕਰਨ ਦੀਆਂ ਦੁਖਦਾਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਕਰਕੇ ਆਗੂਆਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਵਪਾਰ ਬਣਾਉਣ ਅਤੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਨੇ ਵਿਦਿਆਰਥੀਆਂ ਦਾ ਭਵਿੱਖ ਅਸੁਰੱਖਿਅਤ ਕਰ ਦਿੱਤਾ ਹੈ। ਉਨ੍ਹਾਂ ਸੋਨਮ ਵਾਂਗਚੁੱਕ ਤੇ ਦਮਨਕਾਰੀ ਰਵੱਈਏ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵਿਚ ਹਰ ਮਹੱਤਵਪੂਰਨ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨਜ਼ੂਰੀ ਨਾਲ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ‘ਤੇ ਹੋਏ ਦਮਨ ਅਤੇ ਲੋਕਤੰਤਰੀ ਅਧਿਕਾਰਾਂ ਦੇ ਹਨਨ ਦੀ ਰਾਜਨੀਤਿਕ ਜ਼ਿੰਮੇਵਾਰੀ ਵੀ ਪ੍ਰਧਾਨ ਮੰਤਰੀ ਦੀ ਬਣਦੀ ਹੈ ਅਤੇ ਇਸੇ ਲਈ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਜੀਤ ਸਿੰਘ ਜਗਪਾਲ, ਵਿਜੇ ਕੁਮਾਰ, ਅਮਰਨਾਥ ਕੂਮਕਲਾਂ, ਜੈ ਪ੍ਰਕਾਸ਼ ਨਰਾਇਣ, ਜਗਦੀਸ਼ ਚੰਦ, ਕੇਵਲ ਸਿੰਘ ਬਨਵੈਤ, ਰਘਬੀਰ ਸਿੰਘ ਬੈਨੀਪਾਲ, ਜੋਗਿੰਦਰ ਰਾਮ, ਵਿਨੋਦ ਕੁਮਾਰ ਤਿਵਾੜੀ, ਕਰਮਾ, ਪਰਮਜੀਤ ਸਿੰਘ, ਮਾਸਟਰ ਚਰਨ ਸਿੰਘ, ਬਲਰਾਮ ਸਿੰਘ, ਅਜੀਤ ਕੁਮਾਰ, ਰਾਮ ਬ੍ਰਿੱਛ, ਹਨੁਮਾਨ ਪ੍ਰਸ਼ਾਦ ਦੂਬੇ ਅਤੇ ਮਹੀਪਾਲ ਨੇ ਸੰਬੋਧਨ ਕੀਤਾ। ਇਹ ਰੋਸ ਪ੍ਰਦਰਸ਼ਨ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਅਬਦੁੱਲਾਪੁਰ ਬਸਤੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੰਘਦਾ ਹੋਇਆ ਕੇ-ਮਾਲ ਨੇੜੇ ਸਮਾਪਤ ਹੋਇਆ, ਜਿੱਥੇ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।