ਲੁਧਿਆਣਾ, 31 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਿਗਮ ਵਲੋਂ ਲਗਾਏ ਗਏ ਸਟੈਟਿਕ ਕੰਪੈਕਟਰ ਜਿੱਥੇ ਦਾਅਵਿਆਂ 'ਚ ਕਾਰਗਰ ਦਿਖਾਏ ਰਹੇ ਹਨ, ਉਥੇ ਹਕੀਕਤ ਵਿਚ ਇਹ ਪ੍ਰਣਾਲੀ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ | ਇਸ ਦੀ ਤਾਜਾ ਮਿਸਾਲ ਪ੍ਰਤਾਪ ਚੌਕ 'ਚ ਵੇਖਣ ਨੰੂ ਮਿਲੀ, ਜਿੱਥੇ ਸਫ਼ਾਈ ਸੇਵਕਾਂ ਵਲੋਂ ਕੂੜਾ ਸੁੱਟ ਕੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ | ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਸਟੈਟਿਕ ਕੰਪੈਕਟਰ ਚਲਾਉਣ ਵਾਲੇ ਆਪ੍ਰੇਟਰ ਅਤੇ ਕੂੜਾ ਲਿਜਾਉਣ ਵਾਲੀਆਂ ਗੱਡੀਆਂ ਦੇ ਡਰਾਈਵਰ ਹੜਤਾਲ 'ਤੇ ਹਨ | ਇਸ ਕਰਕੇ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੇ ਸਫ਼ਾਈ ਸੇਵਕਾਂ ਨੰੂ ਕੰਪੈਕਟਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੰੂ ਆਪਣੀਆਂ ਕੂੜੇ ਵਾਲੀਆਂ ਰੇਹੜੀਆਂ ਨਾਲ ਬਾਹਰ ਹੀ ਖੜ੍ਹਾ ਰਹਿਣਾ ਪੈ ਰਿਹਾ ਹੈ | ਨਾਰਾਜ਼ ਸਫ਼ਾਈ ਸੇਵਕਾਂ ਨੇ ਆਪਣੀਆਂ ਰੇਹੜੀਆਂ ਉਲਟ ਕੇ ਪ੍ਰਤਾਪ ਚੌਕ 'ਚ ਹੀ ਕੂੜਾ ਸੁੱਟ ਦਿੱਤਾ, ਜਿਸ ਨਾਲ ਇਲਾਕੇ 'ਚ ਭਾਰੀ ਗੰਦਗੀ ਫੈਲ ਗਈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ | ਲੋਕਾਂ ਨੰੂ ਆਉਣ ਜਾਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਸਫ਼ਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਨਿਗਮ ਵਲੋਂ ਪਹਿਲਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਕੂੜਾ ਇਕੱਠਾ ਕਰਨ ਦਾ ਕੰਮ ਕਿਸੇ ਨਿੱਜੀ ਕੰਪਨੀ ਨੰੂ ਨਹੀਂ ਦਿੱਤਾ ਜਾਵੇਗਾ, ਪਰ ਹੁਣ ਇਸ ਬਾਰੇ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾ ਰਿਹਾ ਹੈ | ਇਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ | ਘਟਨਾ ਦੀ ਗੰਭੀਰਤਾ ਨੰੂ ਦੇਖਦੇ ਹੋਏ ਨਿਗਮ ਦੇ ਉਚ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਫ਼ਾਈ ਸੇਵਕਾਂ ਨੰੂ ਮਨਾਉਣ ਦੀ ਕੋਸ਼ਿਸ਼ ਕੀਤੀ | ਲਗਭਗ ਡੇਢ ਘੰਟੇ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਕੂੜਾ ਚੁੱਕਣ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ | ਇਸ ਘਟਨਾ ਨੇ ਇਕ ਵਾਰ ਫਿਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜਿੱਥੇ ਯੋਜਨਾਵਾਂ ਤਾਂ ਬਣਦੀਆਂ ਹਨ, ਪਰ ਜ਼ਮੀਨੀ ਹਕੀਕਤ 'ਚ ਉਹ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀਆਂ ਹਨ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ |