ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਸਿਹਤ ਡਾਇਰੈਕਟਰ ਤੇ ਸਿਵਲ ਸਰਜਨ ਤੋਂ ਮੰਗੀ ਰਿਪੋਰਟ <br/>
31-03-2026
ਲੁਧਿਆਣਾ, 30 ਮਾਰਚ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਵਿਚ ਪਿਛਲੇ ਦਿਨੀਂ ਦਾਖ਼ਲ ਹੋਏ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ, ਪ੍ਰਬੰਧਕਾਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਰਹਿੰਦੇ ਪੈਸੇ ਜਮ੍ਹਾ ਕਰਵਾਉਣ ਦਾ ਕਹਿ ਕੇ ਮਿ੍ਤਕ ਦੇਹ 24 ਘੰਟਿਆਂ ਲਈ ਹਸਪਤਾਲ ਦੀ ਮੋਰਚਰੀ ਵਿਚ ਹੀ ਰੱਖ ਲਈ ਸੀ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਇਹ ਸਾਰਾ ਮਾਮਲਾ ਡਾ. ਕਮਲਜੀਤ ਸਿੰਘ ਸੋਹੀ ਚੇਅਰਮੈਨ ਰਾਹਤ ਦਾ ਸੇਫ ਕਮਿਊਨਿਟੀ ਫਾਊਾਡੇਸ਼ਨ ਕੋਲ ਉਠਾਇਆ ਗਿਆ ਸੀ | ਡਾ. ਸੋਈ ਨੇ ਇਸ ਸਾਰੇ ਮਾਮਲੇ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਨਾਲ ਗੱਲਬਾਤ ਕੀਤੀ ਅਤੇ ਡੀ.ਐੱਮ.ਸੀ. ਹਸਪਤਾਲ ਦੇ ਪ੍ਰਬੰਧਕਾਂ ਨੂੰ ਤੁਰੰਤ ਮਿ੍ਤਕ ਦੇਹ ਰਿਲੀਜ਼ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹਰਕਤ ਵਿਚ ਆਏ ਪ੍ਰਬੰਧਕਾਂ ਨੇ ਮਿ੍ਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਸੀ | ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਸਾਰੇ ਮਾਮਲੇ ਸਬੰਧੀ ਨੋਟਿਸ ਲੈਂਦਿਆਂ ਹੁਣ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਅਤੇ ਸਿਵਲ ਸਰਜਨ, ਲੁਧਿਆਣਾ ਨੂੰ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ |