22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਹਾਂਨਗਰ ਦਾ ਦਿਲ ਸਮਝੇ ਜਾਣ ਵਾਲੇ ਘੰਟਾਘਰ ਰੋਡ 'ਤੇ ਨਾਜਾਇਜ਼ ਕਬਜ਼ਿਆਂ ਦਾ ਰਾਜ <br/>

ਅਜੀਤ ਡੈਸਕ 30-03-2026
ਲੁਧਿਆਣਾ, 29 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦਾ ਦਿਲ ਸਮਝੇ ਜਾਣ ਵਾਲੇ ਘੰਟਾਘਰ ਰੋਡ 'ਤੇ ਨਾਜਾਇਜ਼ ਕਬਜ਼ਿਆਂ ਨੇ ਹਾਲਾਤ ਬਹੁਤ ਗੰਭੀਰ ਬਣਾ ਦਿੱਤੇ ਹਨ | ਨਗਰ ਨਿਗਮ ਵਲੋਂ ਸ਼ਹਿਰ ਦਾ ਵਿਕਾਸ ਕਰਨ ਦੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ ਦੇ ਪ੍ਰਮੱਖ ਬਾਜ਼ਾਰਾਂ ਵਿਚ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੋ ਰਹੀ ਹੈ ਅਤੇ ਪ੍ਰਸ਼ਾਸਨ ਇਸ ਨੰੂ ਰੋਕਣ ਵਿਚ ਨਾਕਾਮ ਨਜ਼ਰ ਆ ਰਿਹਾ ਹੈ | ਘੰਟਾਘਰ ਰੋਡ 'ਤੇ ਦਿਨ ਭਰ ਭਾਰੀ ਟ੍ਰੈਫਿਕ ਰਹਿੰਦਾ ਹੈ | ਦਮੋਰੀਆ ਪੁਲ ਅਤੇ ਜਗਰਾਉਂ ਪੁਲ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਪਹਿਲਾਂ ਹੀ ਵਾਹਨਾਂ ਦਾ ਦਬਾਅ ਇਸ ਰੋਡ ਤੇ ਵੱਧ ਚੁੱਕਾ ਹੈ | ਇਸਦੇ ਬਾਵਜੂਦ ਰੇਹੜੀ, ਫੜ੍ਹੀ ਵਾਲਿਆਂ ਅਤੇ ਦੁਕਾਨਦਾਰਾਂ ਵਲੋਂ ਸੜਕਾਂ ਤੇ ਕਬਜ਼ੇ ਕਰਕੇ ਹਾਲਾਤ ਹੋਰ ਵੀ ਬਦਤਰ ਕਰ ਦਿੱਤੇ ਗਏ ਹਨ | ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਰੱਖਕੇ ਸੜਕਾਂ ਨੰੂ ਘੇਰ ਰਹੇ ਹਨ | ਜਿਸ ਨਾਲ ਪੈਦਲ ਚੱਲਣ ਵਾਲਿਆਂ ਲਈ ਰਸਤਾ ਤੰਗ ਹੋ ਗਿਆ ਹੈ | ਕਈ ਥਾਵਾਂ ਤੇ ਤਾਂ ਐਮਰਜੈਂਸੀ ਵਾਹਨਾਂ ਲਈ ਵੀ ਲੰਘਣਾ ਮੁਸ਼ਕਿਲ ਬਣ ਜਾਂਦਾ ਹੈ | ਟ੍ਰੈਫਿਕ ਜਾਮ ਰੋਜ਼ਾਨਾ ਦੀ ਸਮੱਸਿਆ ਬਣ ਚੁੱਕੀ ਹੈ, ਜਿਸ ਨਾਲ ਕਾਰੋਬਾਰ ਅਤੇ ਆਮ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੋ ਰਹੇ ਹਨ | ਇਹੀ ਹਾਲ ਚੌੜਾ ਬਾਜ਼ਾਰ, ਮੀਨਾ ਬਾਜ਼ਾਰ, ਗਾਂਧੀ ਨਗਰ ਮਾਰਕੀਟ, ਦਾਲ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ਦਾ ਵੀ ਹੈ ਜਿੱਥੇ ਨਾਜਾਇਜ਼ ਰੇਹੜੀਆਂ-ਫੜੀਆਂ ਅਤੇ ਦੁਕਾਨਦਾਰਾਂ ਦੇ ਕਬਜ਼ੇ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਕੁੱਝ ਦਿਨ ਕਾਰਵਾਈ ਵੀ ਹੋਈ | ਪਰ ਇਹ ਮੁਹਿੰਮ ਲੰਬੇ ਸਮੇ ਤੱਕ ਨਹੀਂ ਚੱਲੀ ਅਤੇ ਹਮੇਸ਼ਾਂ ਦੀ ਤਰ੍ਹਾਂ ਖਾਨਾਪੂਰਤੀ ਹੀ ਸਾਬਤ ਹੋਈ | ਮੁਹਿੰਮ ਖਤਮ ਹੋਣ ਦੇ ਨਾਲ ਹੀ ਦੁਬਾਰਾ ੳਹੀ ਹਾਲਾਤ ਬਣ ਗਏ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਸ਼ਹਿਰ ਵਿਚ ਟ੍ਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਕੰਟਰੋਲ ਤੋ ਬਾਹਰ ਹੋ ਚੁੱਕਾ ਹੈ | ਜੇਕਰ ਸਮੇਂ ਸਿਰ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ | ਹੁਣ ਸਭ ਦੀਆਂ ਨਜ਼ਰਾਂ ਨਿਗਰ ਨਿਗਮ ਤੇ ਟਿਕੀਆਂ ਹੋਈਆਂ ਹਨ ਕਿ, ਕੀ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕਰੇਗਾ ਜਾਂ ਫਿਰ ਇਹ ਮਾਮਲਾ ਵੀ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਰਹੇਗਾ |

ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਦੀ ਲੜਾਈ ਗੈਸ ਏਜੰਸੀਆਂ 'ਤੇ ਪੈ ਰਹੀ ਭਾਰੀ, ਲੋਕ ਹੋ ਰਹੇ ਖੱਜਲ-ਖੁਆਰ-ਕਾ. ਗੋਹਲਵੜ, ਕਾ. ਕੋਟ ਧਰਮ... ਅਗਲੀ ਖ਼ਬਰ ਸਰਕਾਰੀ ਸਕੂਲ ਆਲਮਗੀਰ ਵਿਖੇ 73 ਇੰਚੀ ਇੰਟਰੈਕਟਿਵ ਪੈਨਲ ਰਾਹੀਂ ਵਿਦਿਆਰਥੀਆਂ ਨੂੰ ਬਣਾਇਆ ਜਾਵੇਗਾ ਸਮੇਂ ਦੇ ਹਾਣੀ-ਸਰਪੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।