ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਪਾਲ ਨਗਰ ਵਿਚ ਇਕ 15 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਉਸਦੇ ਗੁਆਂਢੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਘਟਨਾ ਉਸ ਵਕਤ ਵਾਪਰੀ ਜਦੋਂ 15 ਸਾਲ ਦੀ ਨਾਬਾਲਗ ਲੜਕੀ ਘਰੋਂ ਗਈ, ਪਰ ਵਾਪਸ ਨਹੀਂ ਆਈ | ਜਦੋਂ ਕਾਫ਼ੀ ਦੇਰ ਤੱਕ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਮਾਪਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ, ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਖ਼ਰੀ ਵਾਰ ਲੜਕੀ ਨੂੰ ਗੁਆਂਢੀ ਦੇ ਘਰ ਜਾਂਦੇ ਦੇਖਿਆ ਗਿਆ ਸੀ, ਜਿਸ ਤੇ ਜਦੋਂ ਮੁਹੱਲੇ ਦੇ ਲੋਕਾਂ ਅਤੇ ਉਸ ਦੇ ਮਾਂ ਪਿਓ ਨੇ ਗੁਆਂਢੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਨਹੀਂ ਖੋਲਿ੍ਹਆ | ਜਿਸ 'ਤੇ ਲੋਕਾਂ ਵਲੋਂ ਉੱਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਉੱਥੇ ਲੜਕੀ ਕਮਰੇ ਵਿਚ ਬੈਠੀ ਹੋਈ ਸੀ ਤੇ ਸਹਿਮੀ ਹੋਈ ਸੀ | ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ | ਪੁਲਿਸ ਵਲੋਂ ਲੜਕੀ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਹੈ, ਪਰ ਹਾਲ ਦੀ ਘੜੀ ਕਾਬੂ ਕੀਤੇ ਨੌਜਵਾਨ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਪੁਲੀਸ ਵਲੋਂ ਨਹੀਂ ਕੀਤੀ ਗਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |