ਜ਼ਿਲ੍ਹੇ ਵਿਚ ਫਿਰੌਤੀ ਨੂੰ ਲੈ ਕੇ ਗੋਲੀਬਾਰੀ, ਲੁੱਟਾਂ-ਖੋਹਾਂ ਤੇ ਕਤਲ ਕਰਨ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ
ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)—ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਫਿਰੌਤੀ ਨੂੰ ਲੈ ਕੇ ਗੋਲੀਬਾਰੀ, ਲੁੱਟਾਂ-ਖੋਹਾਂ ਤੇ ਆਏ ਦਿਨ ਕਤਲ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਤਰਨ ਤਾਰਨ ਜ਼ਿਲ੍ਹਾ ਅਪਰਾਧਿਕ ਗਤੀਵਿਧੀਆਂ ਦਾ ਗੜ ਬਣ ਗਿਆ ਹੈ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੈਂਗਸਟਰਾਂ ਵਲੋਂ ਆਏ ਦਿਨ ਲੋਕਾਂ ਦੇ ਕਤਲ ਕਰਵਾਏ ਜਾ ਰਹੇ ਹਨ ਅਤੇ ਫਿਰੌਤੀ ਦੀ ਮੰਗ ਲੋਕਾਂ ਪਾਸੋਂ ਕੀਤੀ ਜਾ ਰਹੀ ਹੈ।
ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)—ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਫਿਰੌਤੀ ਨੂੰ ਲੈ ਕੇ ਗੋਲੀਬਾਰੀ, ਲੁੱਟਾਂ-ਖੋਹਾਂ ਤੇ ਆਏ ਦਿਨ ਕਤਲ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਤਰਨ ਤਾਰਨ ਜ਼ਿਲ੍ਹਾ ਅਪਰਾਧਿਕ ਗਤੀਵਿਧੀਆਂ ਦਾ ਗੜ ਬਣ ਗਿਆ ਹੈ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੈਂਗਸਟਰਾਂ ਵਲੋਂ ਆਏ ਦਿਨ ਲੋਕਾਂ ਦੇ ਕਤਲ ਕਰਵਾਏ ਜਾ ਰਹੇ ਹਨ ਅਤੇ ਫਿਰੌਤੀ ਦੀ ਮੰਗ ਲੋਕਾਂ ਪਾਸੋਂ ਕੀਤੀ ਜਾ ਰਹੀ ਹੈ। ਫਿਰੌਤੀ ਨਾ ਦੇਣ ’ਤੇ ਲੋਕਾਂ ਉਪਰ ਜਾਨਲੇਵਾ ਹਮਲਾ ਕਰਵਾਏ ਜਾ ਰਹੇ ਹਨ, ਉਥੇ ਲੁੱਟਾਂ-ਖੋਹਾਂ ਵੀ ਆਮ ਹੀ ਗੱਲ ਹੋ ਗਈ ਹੈ। ਜੇਕਰ ਪਿਛਲੇ ਕੁਝ ਦਿਨਾਂ ’ਤੇ ਝਾਤ ਮਾਰੀਏ ਤਾਂ ਦੱਸਣ ਬਣਦਾ ਹੈ ਕਿ 1 ਅਗਸਤ ਨੂੰ ਤਰਨ ਤਾਰਨ ਦੇ ਕਸਬਾ ਮੁਰਾਦਪੁਰਾ ਵਿਖੇ ਇਕ ਗੈਂਗਸਟਰ ਵਲੋਂ ਪੁਲਿਸ ਉਪਰ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇਕ ਪੁਲਿਸ ਮੁਲਾਜ਼ਮ ਅਤੇ ਇਕ 3 ਸਾਲ ਦੀ ਛੋਟੀ ਬੱਚੀ ਦੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਸਨ । ਇਸੇ ਤਰ੍ਹਾਂ 4 ਅਗਸਤ ਨੂੰ ਕਸਬਾ ਝਬਾਲ ਵਿਖੇ ਦੋ ਸਕੇ ਭਰਾਵਾਂ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਕੁਝ ਵਿਅਕਤੀਆਂ ਵਲੋਂ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 28 ਅਗਸਤ ਨੂੰ ਪਿੰਡ ਕੱਦਗਿੱਲ ਵਿਖੇ ਇਕ ਘਰ ਵਿਚ ਦਾਖਲ ਹੋ ਕੇ 2 ਅਣਪਛਾਤੇ ਨੌਜਵਾਨਾਂ ਵਲੋਂ ਔਰਤ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਤਰਨ ਤਾਰਨ ਦੇ ਬੱਸ ਅੱਡੇ ਦੇ ਬਿਲਕੁਲ ਬਾਹਰ 30 ਅਗਸਤ ਨੂੰ ਇਕ ਨੌਜਵਾਨ ਦਾ 2 ਨੌਜਵਾਨਾਂ ਵਲੋਂ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ 26 ਸਤੰਬਰ ਨੂੰ ਝਬਾਲ ਦੇ ਕਸਬਾ ਗੱਗੋਬੂਹਾ ਦੀ ਅਕਾਲੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਨਵਦੀਪ ਸਿੰਘ ਦੀ ਕੁਝ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 6 ਅਕਤੂਬਰ ਨੂੰ ਕਸਬਾ ਪੱਟੀ ਦੇ ਪਿੰਡ ਤੂਤ ਦੇ ਮੌਜੂਦਾ ਸਰਪੰਚ ਅਸ਼ਵਨੀ ਕੁਮਾਰ ਦੀ ਅਣਪਛਾਤੇ ਵਿਅਕਤੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। 7 ਅਕਤੂਬਰ ਨੂੰ ਕਸਬਾ ਚੋਹਲਾ ਸਾਹਿਬ ਦੇ ਪਿੰਡ ਪੱਖੋਪੁਰ ਵਿਖੇ 2 ਨੌਜਵਾਨਾਂ ਪਲਵਿੰਦਰ ਸਿੰਘ ਪਿੰਦੀ ਅਤੇ ਗੁਰਿੰਦਰ ਸਿੰਘ ਬਿੱਲਾ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੈਂਗਸਟਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀਆਂ ਵਲੋਂ ਬੇਖੌਫ਼ ਹੋ ਕੇ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ ਅਤੇ ਲੋਕਾਂ ਪਾਸੋਂ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਫਿਰੌਤੀ ਨਾ ਮਿਲਣ ’ਤੇ ਉਨ੍ਹਾਂ ਉਪਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਰੋਜਾਨਾਂ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਹ ਅਪਰਾਧ ਵਿਚ ਸ਼ਾਮਿਲ ਲੋਕਾਂ ਵਿਚ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ। ਦੂਸਰੇ ਪਾਸੇ ਭਾਵੇਂ ਤਰਨ ਤਾਰਨ ਪੁਲਿਸ ਵਲੋਂ ਕੁਝ ਮਾਮਲਿਆਂ ਨੂੰ ਹੱਲ ਕਰਕੇ ਅਪਰਾਧ ਨੂੰ ਕੰਟਰੋਲ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਆਏ ਦਿਨ ਹੋ ਰਹੇ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਵਸੇ ਜ਼ਿਲ੍ਹਾ ਤਰਨ ਤਾਰਨ ਵਿਚ ਸਰਹੱਦੋ ਪਾਰ ਵੱਡੀ ਪੱਧਰ ’ਤੇ ਨਾਜਾਇਜ਼ ਹਥਿਆਰ ਆ ਰਹੇ ਹਨ ਜੋ ਕਿ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ। ਜਿਆਦਾਤਰ ਕਤਲ ਨਾਜਾਇਜ਼ ਹਥਿਆਰਾਂ ਨਾਲ ਹੀ ਹੋ ਰਹੇ ਹਨ।