ਪੱਟੀ-ਤਰਨ ਤਾਰਨ ਸੜਕ ਦਾ ਅਧੂਰਾ ਨਿਰਮਾਣ ਬਣਿਆ ਲੋਕਾਂ ਲਈ ਮੁਸੀਬਤ
25 ਕਿੱਲੋਮੀਟਰ ਸੜਕ ’ਤੇ ਥਾਂ-ਥਾਂ ਖੱਡੇ, ਵਾਹਨਾਂ ਦੀ ਹੋ ਰਹੀ ਟੁੱਟ-ਭੱਜ, ਹਾਦਸਿਆਂ ਦਾ ਬਣਿਆ ਖ਼ਤਰਾ
ਪੱਟੀ, 6 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਤੋਂ ਤਰਨ ਤਾਰਨ ਨੂੰ ਜੋੜਨ ਵਾਲੀ ਲਗਪਗ 25 ਕਿਲੋਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਅਤੇ ਅਧੂਰਾ ਪਿਆ ਨਿਰਮਾਣ ਕੰਮ ਇਲਾਕੇ ਦੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਚੌੜੀ ਅਤੇ ਮਜ਼ਬੂਤ ਸੜਕ ਦੀ ਉਡੀਕ ਕਰ ਰਹੇ ਲੋਕਾਂ ਨੂੰ ਆਸ ਸੀ ਕਿ ਹੁਣ ਸੜਕ ਦਾ ਨਿਰਮਾਣ ਸ਼ੁਰੂ ਹੋਣ ਨਾਲ ਰਾਹਤ ਮਿਲੇਗੀ, ਪਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੇ ਕੰਮ ਦੀ ਮੱਠੀ ਰਫ਼ਤਾਰ ਅਤੇ ਕਈ ਥਾਵਾਂ ’ਤੇ ਅਧੂਰੇ ਪਏ ਕੰਮ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਪੱਟੀ, 6 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਤੋਂ ਤਰਨ ਤਾਰਨ ਨੂੰ ਜੋੜਨ ਵਾਲੀ ਲਗਪਗ 25 ਕਿਲੋਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਅਤੇ ਅਧੂਰਾ ਪਿਆ ਨਿਰਮਾਣ ਕੰਮ ਇਲਾਕੇ ਦੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਚੌੜੀ ਅਤੇ ਮਜ਼ਬੂਤ ਸੜਕ ਦੀ ਉਡੀਕ ਕਰ ਰਹੇ ਲੋਕਾਂ ਨੂੰ ਆਸ ਸੀ ਕਿ ਹੁਣ ਸੜਕ ਦਾ ਨਿਰਮਾਣ ਸ਼ੁਰੂ ਹੋਣ ਨਾਲ ਰਾਹਤ ਮਿਲੇਗੀ, ਪਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੇ ਕੰਮ ਦੀ ਮੱਠੀ ਰਫ਼ਤਾਰ ਅਤੇ ਕਈ ਥਾਵਾਂ ’ਤੇ ਅਧੂਰੇ ਪਏ ਕੰਮ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸੜਕ ਦੇ ਕਈ ਹਿੱਸਿਆਂ ਨੂੰ ਪੁੱਟ ਕੇ ਨਵੇਂ ਸਿਰੇ ਤੋਂ ਪੱਥਰ ਤਾਂ ਪਾ ਦਿੱਤਾ ਗਿਆ ਹੈ, ਪਰ ਇਸ ਉੱਪਰ ਅਜੇ ਤੱਕ ਲੋੜੀਂਦੀ ਪ੍ਰੀਮਿਕਸ ਜਾਂ ਅੰਤਿਮ ਪਰਤ ਨਾ ਪਾਏ ਜਾਣ ਕਾਰਨ ਸੜਕ ’ਤੇ ਆਵਾਜਾਈ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਪੱਥਰਾਂ ਨਾਲ ਉੱਬੜ-ਖਾਬੜ ਹੋਈ ਸੜਕ ’ਤੇ ਵਾਹਨਾਂ ਨੂੰ ਲੰਘਾਉਣ ਸਮੇਂ ਚਾਲਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਜਿੱਥੇ ਵਾਹਨਾਂ ਦੀ ਟੁੱਟ-ਭੱਜ ਹੋ ਰਹੀ ਹੈ, ਉੱਥੇ ਛੋਟੇ-ਵੱਡੇ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਹੈ। ਸਾਲਾਂ ਤੋਂ ਲਟਕ ਰਿਹਾ ਹੈ ਸੜਕ ਦਾ ਮਾਮਲਾ ਇਹ ਸੜਕ ਕੋਈ ਨਵੀਂ ਯੋਜਨਾ ਨਹੀਂ, ਸਗੋਂ ਲੰਮੇ ਸਮੇਂ ਤੋਂ ਸਰਕਾਰਾਂ ਦੇ ਐਲਾਨਾਂ ਅਤੇ ਦਾਅਵਿਆਂ ਵਿਚਕਾਰ ਲਟਕਦੀ ਆ ਰਹੀ ਹੈ। ਅਕਾਲੀ ਸਰਕਾਰ ਦੇ ਸਮੇਂ ਇਸ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਰੱਖਿਆ ਗਿਆ ਸੀ। ਉਸ ਸਮੇਂ ਇਲਾਕਾ ਵਾਸੀਆਂ ਨੂੰ ਉਮੀਦ ਜਾਗੀ ਸੀ ਕਿ ਪੱਟੀ ਅਤੇ ਤਰਨ ਤਾਰਨ ਵਿਚਕਾਰ ਆਵਾਜਾਈ ਨੂੰ ਸੁਚਾਰੂ ਬਣਾਉਣ ਵਾਲੀ ਇਸ ਮਹੱਤਵਪੂਰਨ ਸੜਕ ਦੀ ਦਸ਼ਾ ਜਲਦੀ ਸੁਧਰ ਜਾਵੇਗੀ, ਪਰ ਅਕਾਲੀ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਸੂਬੇ ਵਿਚ ਕਾਂਗਰਸ ਸਰਕਾਰ ਆਈ। ਇਸ ਦੌਰਾਨ ਪੱਟੀ ਹਲਕੇ ਤੋਂ ਵਿਧਾਇਕ ਰਹੇ ਹਰਮਿੰਦਰ ਸਿੰਘ ਗਿੱਲ ਵਲੋਂ ਵੀ ਸੜਕ ਨੂੰ ਚੌੜਾ ਕਰਨ, ਮੁਰੰਮਤ ਅਤੇ ਮਜ਼ਬੂਤੀ ਦੇਣ ਲਈ ਯਤਨ ਕੀਤੇ ਗਏ, ਪਰ ਲੋਕਾਂ ਦੀ ਇਹ ਉਮੀਦ ਵੀ ਪੂਰੀ ਤਰ੍ਹਾਂ ਸਿਰੇ ਨਾ ਚੜ੍ਹ ਸਕੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਫ਼ਿਰੋਜਪੁਰ ਤੋਂ ਪੱਟੀ-ਤਰਨ ਤਾਰਨ ਸੜਕ ਦਾ ਮਸਲਾ ਅਜੇ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲਦੀਆਂ ਰਹੀਆਂ, ਆਗੂਆਂ ਵਲੋਂ ਦਾਅਵੇ ਵੀ ਕੀਤੇ ਜਾਂਦੇ ਰਹੇ, ਪਰ ਸੜਕ ਦੀ ਹਾਲਤ ਵਿਚ ਉਮੀਦ ਮੁਤਾਬਿਕ ਸਥਾਈ ਸੁਧਾਰ ਨਹੀਂ ਆਇਆ। ਪੱਥਰ ਪਾਉਣ ਤੋਂ ਬਾਅਦ ਕੰਮ ਦੀ ਰਫ਼ਤਾਰ ਮੱਠੀ ਹੁਣ ਜਦੋਂ ਕਰੀਬ ਦੋ ਮਹੀਨੇ ਪਹਿਲਾਂ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਲੋਕਾਂ ਨੂੰ ਕੁਝ ਰਾਹਤ ਦੀ ਉਮੀਦ ਬੱਝੀ ਸੀ। ਸੜਕ ਦੇ ਕਈ ਹਿੱਸਿਆਂ ਨੂੰ ਪੁੱਟ ਕੇ ਨਵੇਂ ਸਿਰੇ ਤੋਂ ਪੱਥਰ ਪਾਏ ਗਏ ਹਨ, ਪਰ ਇਸ ਤੋਂ ਬਾਅਦ ਕੰਮ ਦੀ ਰਫ਼ਤਾਰ ਮੱਠੀ ਪੈਣ ਕਾਰਨ ਇਹ ਪੱਥਰ ਹੀ ਹੁਣ ਲੋਕਾਂ ਲਈ ਮੁਸੀਬਤ ਬਣ ਗਏ ਹਨ। ਕਈ ਥਾਵਾਂ ’ਤੇ ਸੜਕ ਦੀ ਸਤ੍ਹਾ ਉੱਬੜ-ਖਾਬੜ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਖ਼ਾਸ ਤੌਰ ’ਤੇ ਮੁਸ਼ਕਿਲ ਆ ਰਹੀ ਹੈ। ਰਾਤ ਸਮੇਂ ਸੜਕ ਦੀ ਹਾਲਤ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ। ਜੇਕਰ ਕਿਸੇ ਥਾਂ ਵਾਹਨ ਨੂੰ ਅਚਾਨਕ ਰੋਕਣਾ ਪੈ ਜਾਵੇ ਜਾਂ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਰਸਤਾ ਦੇਣਾ ਪਵੇ ਤਾਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਚੱਲ ਰਹੇ ਨਿਰਮਾਣ ਕੰਮ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਵਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਪੁੱਟ ਕੇ ਪੱਥਰ ਪਾ ਦਿੱਤੇ ਗਏ ਹਨ ਤਾਂ ਉੱਪਰਲੀ ਪਰਤ ਪਾਉਣ ਵਿੱਚ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ। ਲੋਕਾਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਸੜਕ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ ਅਜਿਹਾ ਲੱਗਦਾ ਹੈ ਜਿਵੇਂ ਸਰਕਾਰ ਅਤੇ ਸੰਬੰਧਿਤ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਸ ਸੜਕ ਰਾਹੀਂ ਹਜ਼ਾਰਾਂ ਲੋਕ ਫਿਰੋਜ਼ਪੁਰ, ਪੱਟੀ, ਤਰਨ ਤਾਰਨ ਅਤੇ ਅੱਗੇ ਅੰਮ੍ਰਿਤਸਰ ਸਮੇਤ ਹੋਰ ਇਲਾਕਿਆਂ ਵੱਲ ਆਉਂਦੇ-ਜਾਂਦੇ ਹਨ। ਇਸ ਲਈ ਇਸ ਸੜਕ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੇ ਜਿਹੜੇ ਹਿੱਸੇ ਪੁੱਟੇ ਗਏ ਹਨ, ਉਨ੍ਹਾਂ ਨੂੰ ਬਿਨਾਂ ਹੋਰ ਦੇਰੀ ਦੇ ਮੁਕੰਮਲ ਕੀਤਾ ਜਾਵੇ ਅਤੇ ਪੂਰੀ ਸੜਕ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਨਿਰਮਾਣ ਕੰਮ ਦੌਰਾਨ ਆਵਾਜਾਈ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਕੀ ਕਹਿੰਦੇ ਹਨ ਇਸ ਸੰਬੰਧੀ ਐਕਸੀਅਨ ਦਵਿੰਦਰ ਪਾਲ ਸਿੰਘ ਇਸ ਸੰਬੰਧੀ ਦਵਿੰਦਰਪਾਲ ਸਿੰਘ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੰਮ ਚੱਲ ਰਿਹਾ ਹੈ ਤੇ ਸਮੇਂ ਨਾਲ ਹੀ ਪੂਰਾ ਹੋਵੇਗਾ ਮੈਂ ਇਸ ਸੰਬੰਧੀ ਠੇਕੇਦਾਰ ਨੂੰ ਕਹਿ ਕੇ ਕੰਮ ਵਿਚ ਤੇਜ਼ੀ ਲਿਆਉਂਣ ਦੀ ਕੋਸ਼ਿਸ਼ ਕਰਾਂਗਾ।