ਵੱਡੇ ਵੱਡੇ ਭਲਵਾਨਾਂ ਨੂੰ ਚਿੱਤ ਕਰਨ ਵਾਲੇ ਜੱਸਾ ਪਹਿਲਵਾਨ ਲਈ 2027 ਦੇ ਸਿਆਸੀ ਅਖਾੜੇ ਵਿਚ ਸੌਖਾ ਨਹੀਂ ਹੋਵੇਗਾ ਭੇੜ
ਹਰੀਕੇ ਪੱਤਣ, 1 ਅਗਸਤ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਵਲੋਂ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਇੰਚਾਰਜ ਲਾਉਣ ਤੋਂ ਬਾਅਦ ਹਲਕਾ ਪੱਟੀ ਵਿਚ ਸਿਆਸਤ ਗਰਮਾ ਗਈ ਹੈ। ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡੀ.
ਜ
ਜਸਕੰਵਰ ਸਿੰਘ ਜੱਸਾ ਪੱਟੀ
02-08-2026
ਹਰੀਕੇ ਪੱਤਣ, 1 ਅਗਸਤ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਵਲੋਂ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਇੰਚਾਰਜ ਲਾਉਣ ਤੋਂ ਬਾਅਦ ਹਲਕਾ ਪੱਟੀ ਵਿਚ ਸਿਆਸਤ ਗਰਮਾ ਗਈ ਹੈ। ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿਚ ਜੇਲ੍ਹ ਜਾਣ ਤੋਂ ਬਾਅਦ ਹਲਕਾ ਪੱਟੀ ਵਿਚ ਆਮ ਆਦਮੀ ਪਾਰਟੀ ਨੂੰ ਲੈ ਕੇ ਕਈ ਕਿਆਸ ਅਰਾਈਆਂ ਲੱਗ ਰਹੀਆਂ ਸਨ, ਪਰ ਆਮ ਆਦਮੀ ਪਾਰਟੀ ਹਾਈਕਮਾਨ ਨੇ ਕੁਸ਼ਤੀ ਮੁਕਾਬਲਿਆਂ ਵਿਚ ਆਪਣਾ ਲੋਹਾ ਮੰਨਵਾ ਚੁਕੇ ਰੁਸਤਮੇ ਹਿੰਦ ਜੱਸਾ ਪਹਿਲਵਾਨ ’ਤੇ ਦਾਅ ਖੇਡਦਿਆਂ ਹਲਕੇ ਦੀ ਵਾਗਡੋਰ ਸੌਂਪ ਦਿੱਤੀ, ਪ੍ਰੰਤੂ ਜੱਸਾ ਪਹਿਲਵਾਨ ਲਈ ਸਿਆਸਤ ਦਾ ਏਨਾ ਪਿੜ ਸੁਖਾਲ਼ਾ ਨਹੀਂ ਹੁੰਦਾ ਜਾਪ ਰਿਹਾ, ਕਿਉਂਕਿ ਉਸ ਦਾ ਮੁਕਾਬਲਾ ਦੋ-ਦੋ ਮਹਾਂਰਥੀਆਂ ਨਾਲ ਹੋਵੇਗਾ, ਜੋ ਹਲਕੇ ਵਿਚ ਸਿਆਸਤ ਦੇ ਖੁੰਢ ਵਜੋਂ ਜਾਣੇ ਜਾਂਦੇ ਹਨ, ਪਰ ਜੱਸਾ ਪਹਿਲਵਾਨ ਨੂੰ ਜਿੱਥੇ ਇਨ੍ਹਾਂ ਨਾਲ ਸਿਆਸਤ ਦੇ ਪਿੜ ਵਿਚ ਭਿੜਨਾ ਹੋਵੇਗਾ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਵੀ ਜੋਸ਼ ਭਰਨ ਲਈ ਸਖ਼ਤ ਮਿਹਨਤ ਦੀ ਲੋੜ ਹੈ, ਕਿਉਂਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜੇਲ੍ਹ ਜਾਣ ਤੋਂ ਬਾਅਦ ਹਲਕੇ ਦੇ ਪਿੰਡਾਂ ਦੇ ਪੰਚ, ਸਰਪੰਚ ਲਾਲਜੀਤ ਸਿੰਘ ਭੁੱਲਰ ਨਾਲ ਖੜ੍ਹਨ ਦਾ ਲਗਾਤਾਰ ਦਾਅਵਾ ਕਰਦੇ ਆ ਰਹੇ ਹਨ ਤੇ ਹੁਣ ਜੱਸਾ ਪਹਿਲਵਾਨ ਨੂੰ ਇੰਚਾਰਜ ਲਾਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿਚ ਪੋਸਟਾਂ ਵੀ ਪਾਈਆਂ ਜਾ ਰਹੀਆਂ ਹਨ, ਜੋ ਆਮ ਆਦਮੀ ਪਾਰਟੀ ਲਈ ਸ਼ੁਭ ਸੰਕੇਤ ਨਹੀਂ। ਜਿਥੇ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਅਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਅਤੇ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਜੋ ਹਲਕੇ ਦੇ ਮਜ਼ਬੂਤ ਦਾਅਵੇਦਾਰ ਸਨ, ਨੂੰ ਦਰਕਿਨਾਰ ਕਰਦਿਆਂ ਜੱਸਾ ਪਹਿਲਵਾਨ ਨੂੰ ਹਲਕੇ ਦੀ ਵਾਗਡੋਰ ਸੌਂਪ ਦਿੱਤੀ, ਉਸ ਤੋਂ ਬਾਅਦ ਵਰਕਰਾਂ ਵਿਚ ਮਾਯੂਸੀ ਤੇ ਖਾਮੋਸ਼ੀ ਦਿਸ ਰਹੀ ਹੈ, ਕਿਉਂਕਿ ਜੱਸਾ ਭਲਵਾਨ ਦੇ ਇੰਚਾਰਜ ਲੱਗਣ ਤੋਂ 72 ਘੰਟੇ ਤੋਂ ਬਾਅਦ ਵੀ ਹਲਕੇ ਵਿਚ ਕੋਈ ਸਰਗਰਮੀ ਨਹੀਂ ਦਿਸੀ । ਜੱਸਾ ਪਹਿਲਵਾਨ, ਜੋ ਕਿ ਵਿਸ਼ਵ ਪੱਧਰ ਦਾ ਜਾਣਿਆ-ਪਛਾਣਿਆ ਚਿਹਰਾ ਹੈ, ਜਿਸ ਨੇ ਆਪਣੇ ਜ਼ੋਰ ਨਾਲ ਕੁਸ਼ਤੀ ਮੁਕਾਬਲਿਆਂ ਵੱਡੇ ਵੱਡੇ ਪਹਿਲਵਾਨਾਂ ਨੂੰ ਚਿੱਤ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ, ਪਰ ਸਿਆਸਤ ਵਿਚ ਨਵੇਂ ਹੋਣ ਕਾਰਨ ਉਨਾਂ ਸਾਹਮਣੇ ਕਈ ਚੁਣੌਤੀਆਂ ਹਨ, ਜਿੰਨ੍ਹਾਂ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪਵੇਗੀ। ਜਿਥੇ ਆਮ ਆਦਮੀ ਪਾਰਟੀ ਦੇ ਵਰਕਰਾਂ, ਆਗੂਆਂ, ਹਲਕੇ ਦੇ ਪੰਚਾਂ, ਸਰਪੰਚਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਨਾਲ ਤੋਰਨਾ ਅਤੇ ਵਿਕਾਸ ਪੱਖੋਂ ਪੱਛੜੇ ਹਲਕੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਉਣਾਂ, ਲਾਵਾਰਿਸ ਛੱਡੀਆਂ ਟੁੱਟੀਆਂ ਸੜਕਾਂ ਤੇ ਹੋਰ ਕੰਮਾਂ ਨੂੰ ਕਰਵਾਉਣਾ ਬਹੁਤ ਵੱਡੀ ਚੁਣੌਤੀ ਹੋਵੇਗੀ, ਜਿਸ ਲਈ ਭਗਵੰਤ ਮਾਨ ਸਰਕਾਰ ਵਲੋਂ ਵੀ ਪੱਟੀ ਹਲਕੇ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ, ਕਿਉਂਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜੇਲ੍ਹ ਜਾਣ ਮਗਰੋਂ ਪੱਟੀ ਹਲਕੇ ਵਿਚ ਪਾਰਟੀ ਦਾ ਗ੍ਰਾਫ ਥੱਲੇ ਹੁੰਦਾ ਨਜ਼ਰ ਆ ਰਿਹਾ ਹੈ। 2027 ਦੀਆਂ ਚੋਣਾਂ ਵਿਚ ਲਗਪਗ 6 ਮਹੀਨੇ ਦਾ ਸਮਾਂ ਬਚਿਆ ਹੈ ਤੇ 2027 ਦੇ ਮੁਕਾਬਲੇ ਲਈ ਸਾਰਾ ਕੁਝ ਕਰ ਸਕਣਾ ਵੱਡਾ ਟੀਚਾ ਹੋਵੇਗਾ, ਜੋ ਕਿ ਸਮਾਂ ਹੀ ਦੱਸੇਗਾ ਕਿ ਕੁਸ਼ਤੀ ਦੇ ਪਿੜਾਂ ਵਿਚ ਵੱਡੇ-ਵੱਡੇ ਨੂੰ ਧੂੜ ਚਟਾਉਣ ਵਾਲਾ ਜੱਸਾ ਪੱਟੀ 2027 ਦੇ ਅਖਾੜੇ ਵਿਚ ਕਿਸ ਤਰ੍ਹਾਂ ਭਿੜਦਾ ਹੈ।