ਤਰਨ ਤਾਰਨ, 16 ਮਈ (ਹਰਿੰਦਰ ਸਿੰਘ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਦੀ ਦੇਖ-ਰੇਖ ਹੇਠ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਸਬੰਧੀ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਅਤੇ ਐੱਲ.ਐੱਚ.ਵੀਜ਼ ਨਾਲ ਸਮੀਖਿਆ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਐੱਚ. ਪੀ. ਵੀ. ਵੈਕਸੀਨ ਵਿਸ਼ੇਸ਼ ਤੌਰ 'ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਜ਼ਿਲ੍ਹੇ ਭਰ ਦੇ ਵਿਚ ਸਿਹਤ ਕਰਮੀਆਂ ਵਲੋਂ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ | ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚੀਆਂ ਨੂੰ ਸਰਵਿਕਸ (ਬੱਚੇਦਾਨੀ ਦੇ ਮੂੰਹ) ਦੇ ਕੈਂਸਰ ਤੋਂ ਬਚਾਉਣਾ ਹੈ | ਉਨ੍ਹਾਂ ਦੱਸਿਆ ਕਿ ਔਰਤਾਂ 'ਚ ਹੋਣ ਵਾਲੇ ਸਰਵਿਕਸ ਕੈਂਸਰ ਦੀ ਰੋਕਥਾਮ ਲਈ ਐੱਚ.ਪੀ.ਵੀ. ਵੈਕਸੀਨ ਭਾਰਤ ਸਮੇਤ ਕਈ ਮੁਲਕਾਂ ਦੇ ਵਿਚ ਪਹਿਲਾਂ ਤੋਂ ਹੀ ਲਗਾਈ ਜਾ ਰਹੀ ਹੈ ਅਤੇ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ | ਉਨ੍ਹਾਂ ਦੱਸਿਆ ਕਿ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਵਿਚ ਇਸ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਹਫ਼ਤੇ ਲੱਗਣ ਵਾਲੇ ਟੀਕਾਕਰਨ ਸੈਸ਼ਨ ਦੌਰਾਨ ਲਗਾਇਆ ਜਾਵੇਗਾ | ਉਨ੍ਹਾਂ ਸਮੂਹ ਸਿਹਤ ਕਰਮੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਭਰ ਵਿਚ ਯੋਗ ਬੱਚੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਐੱਚ.ਪੀ.ਵੀ ਵੈਕਸੀਨ ਲਗਾਈ ਜਾਵੇ | ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਐੱਚ.ਪੀ.ਵੀ ਵੈਕਸੀਨ ਦੀ ਖ਼ੁਰਾਕ (ਡੋਜ਼) 14 ਸਾਲਾਂ ਦੀਆਂ ਲੜਕੀਆਂ ਨੂੰ ਲਗਾਈ ਜਾ ਰਹੀ ਹੈ ਅਤੇ ਜ਼ਿਲ੍ਹੇ ਵਿਚ ਐੱਚ. ਪੀ. ਵੀ. ਵੈਕਸੀਨ ਲਗਾਉਣ ਲਈ ਜ਼ਿਲ੍ਹੇ ਦੀਆਂ ਸੀ. ਐੱਚ. ਸੀਜ਼ ਅਤੇ ਪੀ.ਐੱਚ.ਸੀਜ਼. ਦੇ ਕੋਲਡ ਚੇਨ ਪੁਆਇੰਟਾਂ 'ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲਾਭਪਾਤਰੀ ਬੱਚੀਆਂ ਨੂੰ ਸਮੇਂ ਸਿਰ ਇਹ ਵੈਕਸੀਨ ਲਗਾਈ ਜਾਵੇ | ਉਨ੍ਹਾਂ ਦੱਸਿਆ ਕਿ ਜੇਕਰ ਐੱਚ.ਪੀ.ਵੀ. ਵੈਕਸੀਨ ਬੱਚੇ ਨੂੰ ਸਮੇਂ ਸਿਰ ਲਗਾਈ ਜਾਵੇ ਤਾਂ ਸਰਵਿਕਸ ਕੈਂਸਰ ਵਰਗੀ ਬਿਮਾਰੀ ਦੇ ਹੋਣ ਦੇ ਖਦਸ਼ੇ ਨੂੰ ਰੋਕਿਆ ਜਾ ਸਕਦਾ ਹੈ | ਜੇਕਰ ਕੋਈ ਲੜਕੀ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਪੀੜਤ ਹੈ ਜਾਂ ਫਿਰ ਲੰਮਾਂ ਸਮਾਂ ਚੱਲਣ ਵਾਲੀ ਦਵਾਈ ਖਾ ਰਹੀ ਹੈ ਤਾਂ ਅਜਿਹਾ ਹਲਾਤਾਂ ਦੇ ਵਿਚ ਉਸ ਬੱਚੀ ਨੂੰ ਇਹ ਵੈਕਸੀਨ ਨਹੀਂ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਆਪਣੇ ਆਪਣੇ ਬਲਾਕਾਂ ਵਿਚ ਕੈਂਪਾਂ ਦੀ ਸੁਪਰਵਿਜ਼ਨ ਕਰਨ ਅਤੇ ਐੱਚ. ਪੀ. ਵੀ. ਵੈਕਸੀਨ ਨੂੰ ਸਿਹਤ ਕਰਮੀਆਂ ਵਲੋਂ ਹਰ ਹਫ਼ਤੇ ਬੁੱਧਵਾਰ ਨੂੰ ਲੱਗਣ ਵਾਲੇ ਮਮਤਾ ਦਿਵਸ ਸੈਸ਼ਨਾਂ ਦੌਰਾਨ ਲਗਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸ਼ਹਿਰ ਅਤੇ ਪਿੰਡਾਂ ਤੋਂ ਇਲਾਵਾ ਹਾਈਰਿਸਕ ਆਬਾਦੀ ਜਿਵੇਂ ਕਿ ਇੱਟਾਂ ਦੇ ਭੱਠੇ, ਝੁੱਗੀਆਂ ਅਤੇ ਗੁੱਜਰਾਂ ਦੇ ਡੇਰਿਆਂ 'ਤੇ ਜਾ ਕੇ ਵੀ ਐੱਚ.ਪੀ.ਵੀ ਵੈਕਸੀਨ ਬਾਰੇ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਅਨੀਮੀਆ ਮੁਕਤ ਭਾਰਤ ਸਬੰਧੀ ਵੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ | ਸਕੂਲ ਹੈਲਥ ਟੀਮਾਂ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਸਕੂਲਾਂ ਵਿਚ ਜਾ ਕੇ 10 ਤੋਂ 19 ਸਾਲ ਤੱਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਖ਼ੂਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋੋ ਅਨੀਮਿਕ ਬੱਚਿਆਂ ਦਾ ਜਲਦੀ ਇਲਾਜ ਕਰਵਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਭਾਰਤੀ ਧਵਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਵਿਪੁਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਸਕੂਲ ਹੈਲਥ ਕੋਆਰਡੀਨੇਟਰ ਰਜਨੀ ਸ਼ਰਮਾ, ਆਰੂਸ਼ ਭੱਲਾ ਬੀ.ਸੀ.ਸੀ. ਕੋਆਰਡੀਨੇਟਰ, ਮਿਸ ਕੰਵਲਜੀਤ ਕੌਰ ਜ਼ਿਲ੍ਹਾ ਅੰਕੜਾ ਸਹਾਇਕ ਤੇ ਵੱਖ-ਵੱਖ ਬਲਾਕਾਂ ਤੋਂ ਸਮੂਹ ਬਲਾਕ ਐਜੂਕੈਟਰ ਅਤੇ ਐੱਲ.ਐੱਚ.ਵੀਜ਼ ਹਾਜ਼ਰ ਸਨ |