ਤਰਨ ਤਾਰਨ, 16 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਉਣੀ ਸੀਜ਼ਨ ਦੌਰਾਨ ਹਰ ਸਾਲ ਝੋਨੇ ਅਤੇ ਬਾਸਮਤੀ ਦੀ ਬਿਜਾਈ ਲਗਪਗ 180000 ਹੈਕਟੇਅਰ ਵਿਚ ਕੀਤੀ ਜਾਂਦੀ ਹੈ | ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਬੀਜ਼ ਕੇ ਜਦੋਂ ਪਨੀਰੀ 25-35 ਦਿਨਾਂ ਦੀ ਹੋ ਜਾਂਦੀ ਹੈ, ਖੇਤ ਵਿਚ ਕੱਦੂ ਕਰਕੇ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ, ਜਿਸ ਵਿਚ ਕਾਫ਼ੀ ਪਾਣੀ ਦੀ ਖਪਤ ਹੋ ਜਾਂਦੀ ਹੈ | ਇਸ ਲਈ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਰਿਵਾਇਤੀ ਝੋਨੇ ਦੀ ਲੁਆਈ ਨਾਲੋਂ ਲਗਪਗ 15-25 ਫ਼ੀਸਦੀ ਘੱਟ ਪਾਣੀ ਦੀ ਲੋੜ ਹੁੰਦੀ ਹੈ | ਨਰਸਰੀ ਤਿਆਰ ਕਰਨ ਅਤੇ ਲੁਆਈ ਲਈ ਵੱਖਰੇ ਮਜ਼ਦੂਰਾਂ ਦੀ ਲੋੜ ਨਹੀਂ ਪੈਂਦੀ | ਬੀਜ ਸਿੱਧਾ ਖੇਤ ਵਿਚ ਬੀਜਿਆ ਜਾਂਦਾ ਹੈ, ਜਿਸ ਨਾਲ ਫਸਲ ਦੀ ਬਿਜਾਈ ਜਲਦੀ ਹੋ ਜਾਂਦੀ ਹੈ | ਵਾਰ-ਵਾਰ ਪੱਡਲਿੰਗ ਨਾ ਕਰਨ ਨਾਲ ਮਿੱਟੀ ਦੀ ਬਣਤਰ ਚੰਗੀ ਰਹਿੰਦੀ ਹੈ | ਝੋਨੇ ਦੀ ਸਿੱਧੀ ਬਿਜਾਈ ਨਾਲ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ, ਜਿਸ ਨਾਲ ਅਗਲੀ ਫ਼ਸਲ ਲਈ ਸਮਾਂ ਵੱਧ ਮਿਲਦਾ ਹੈ | ਮੀਥੇਨ ਗੈਸ ਦਾ ਨਿਕਾਸ ਘੱਟ ਹੁੰਦਾ ਹੈ, ਜਿਸ ਨਾਲ ਪ੍ਰਦੂਸ਼ਣ ਘਟਦਾ ਹੈ | ਝੋਨੇ ਦੀ ਸਿੱਧੀ ਬਿਜਾਈ ਨੂੰ ਡੀ.ਐਸ.ਆਰ. ਡੁੱਲ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ | ਭੂਮੀ ਹੇਠਲੇ ਜਲ ਪੱਧਰ ਨੂੰ ਬਰਕਰਾਰ ਰੱਖਣ ਲਈ, ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘਟਾਉਣ ਅਤੇ ਸਿੱਧੀ ਬਿਜਾਈ ਦੀ ਤਕਨੀਕ ਨੂੰ ਪ੍ਰਫੁਲਿੱਤ ਕਰਨ ਲਈ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ ਯੋਜਨਾ ਚਲਾਈ ਜਾ ਰਹੀ ਹੈ | ਇਸ ਸਕੀਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਲੇ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਂਦੀ ਹੈ | ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵੈਬਸਾਈਟ 'ਤੇ ਮਿਤੀ 15 ਜੂਨ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ |
ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘਟਾਉਣ ਲਈ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਨੂੰ ਦੇਣ ਤਰਜੀਹ- ਡਾ. ਭੰਗੂ <br/>
ਅਜੀਤ ਡੈਸਕ
17-05-2026