ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ ਵਿਦਿਆਰਥੀਆਂ ਨੇ ਸਾਇੰਸ ਓਲੰਪਿਆਡ 2025-26 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਸੰਸਥਾ ਲਈ ਮਾਣ ਹਾਸਿਲ ਕੀਤਾ ਹੈ | ਜਮਾਤ ਦਸਵੀਂ ਦੇ ਵਿਦਿਆਰਥੀ ਅਕਸ਼ਿਤ ਅਰੋੜਾ ਨੇ ਦੂਜੇ ਪੱਧਰ ਦੇ ਓਲੰਪਿਆਡ 'ਚ 60 'ਚੋਂ 60 ਅੰਕ ਪ੍ਰਾਪਤ ਕਰਦੇ ਹੋਏ ਅੰਤਰਰਾਸ਼ਟਰੀ ਰੈਂਕ 2 ਅਤੇ ਜ਼ੋਨਲ ਰੈਂਕ 1 ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸ਼ਾਨਦਾਰ ਉਪਲੱਬਧੀ ਲਈ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਿਲਵਰ ਮੈਡਲ ਤੇ 25,000 ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਆਫ਼ ਆਊਟਸਟੈਂਡਿੰਗ ਪਰਫਾਰਮੈਂਸ ਨਾਲ ਸਨਮਾਨਿਤ ਕੀਤਾ ਗਿਆ | ਜਮਾਤ ਦਸਵੀਂ ਦੇ ਵਿਦਿਆਰਥੀ ਪ੍ਰਬਲ ਛਾਬੜਾ ਨੇ ਵੀ ਮੁਕਾਬਲੇ 'ਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਉਨ੍ਹਾਂ ਨੇ ਅੰਤਰਰਾਸ਼ਟਰੀ ਰੈਂਕ 103 ਅਤੇ ਜ਼ੋਨਲ ਰੈਂਕ 10 ਪ੍ਰਾਪਤ ਕੀਤਾ, ਜਿਸ ਲਈ ਉਨ੍ਹਾਂ ਨੂੰ 500 ਰੁਪਏ ਦਾ ਗਿਫ਼ਟ ਵਾਊਚਰ ਅਤੇ ਸਰਟੀਫਿਕੇਟ ਆਫ਼ ਜ਼ੋਨਲ ਐਕਸੀਲੈਂਸ ਪ੍ਰਾਪਤ ਹੋਇਆ | ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਨੇ ਉਪਲੱਬਧੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵੀ ਵਿਦਿਆਰਥੀਆਂ ਦੀਆਂ ਉਪਲੱਬਧੀਆਂ 'ਤੇ ਮਾਣ ਪ੍ਰਗਟ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਦੀ ਸੱਚੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਇਸ ਸਫ਼ਲਤਾ ਦਾ ਸਿਹਰਾ ਅਧਿਆਪਕਾ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ |