ਤਰਨ ਤਾਰਨ, 31 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਇਕ ਵਿਅਕਤੀ ਨਾਲ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਨ ਅਤੇ ਹਵਾਲਾਤ ਵਿਚ ਬੰਦ ਕਰਨ ਦੇ ਮਾਮਲੇ ਵਿਚ ਪੀੜਤ ਵਿਅਕਤੀ ਨੇ ਐੱਸ.ਐੱਸ.ਪੀ. ਤਰਨ ਤਾਰਨ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ | ਜਗਤਾਰ ਸਿੰਘ ਪੁੱਤਰ ਸਾਊਣ ਸਿੰਘ ਵਾਸੀ ਪਿੰਡ ਸਿੱਧਵਾਂ ਪੱਟੀ ਨੇ ਐੱਸ.ਐੱਸ.ਪੀ. ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਦਾ ਪ੍ਰਧਾਨ ਹੈ ਅਤੇ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਜਾ ਰਹੀ ਮੁਹਿੰਮ ਵਿਚ ਪੁਲਿਸ ਦਾ ਸਹਿਯੋਗ ਕਰਦਾ ਹੈ | ਉਸਦੇ ਦੋਵੇਂ ਲੜਕੇ ਨਸ਼ੇ ਕਰਨ ਦੇ ਆਦੀ ਹਨ ਅਤੇ ਘਰੋਂ ਸਮਾਨ ਚੋਰੀ ਕਰਕੇ ਭਿੱਖੀਵਿੰਡ ਤੋਂ ਨਸ਼ਾ ਖ੍ਰੀਦ ਕੇ ਕਰਦੇ ਹਨ | ਜਦੋਂ ਮੈਂ ਥਾਣਾ ਭਿੱਖੀਵਿੰਡ ਵਿਖੇ ਮੁਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਗਿਆ ਤਾਂ ਪੁਲਿਸ ਨੂੰ ਕਿਹਾ ਕਿ ਭਿੱਖੀਵਿੰਡ ਵਿਖੇ ਨਸ਼ਾ ਸ਼ਰੇਆਮ ਵਿਕ ਰਿਹ ਹੈ ਤਾਂ ਉਥੇ ਮੌਜੂਦ ਪੁਲਿਸ ਮੁਲਾਜਮਾਂ ਵਲੋਂ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨਾਲ ਹੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ | ਪੀੜਤ ਜਗਤਾਰ ਸਿੰਘ ਨੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਉਸ ਨਾਲ ਕੁੱਟਮਾਰ ਕਰਨ ਵਾਲੇ ਥਾਣਾ ਭਿੱਖੀਵਿੰਡ ਦੇ ਪੁਲਿਸ ਮੁਲਾਜਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ |