ਤਰਨ ਤਾਰਨ, 31 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਖਾਲੜਾ ਅਤੇ ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਉਨ੍ਹਾਂ ਪਾਸੋਂ 2 ਕਿੱਲੋ 32 ਗ੍ਰਾਮ ਹੈਰੋਇਨ, 191 ਗ੍ਰਾਮ ਆਈਸ, 3 ਮੋਬਾਈਲ ਫੋਨ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ | ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਪੀ.(ਡੀ) ਰਿਪੁਤਪਨ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾ 'ਤੇ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਵਿਚ ਤਰਨ ਤਾਰਨ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਵੱਖ-ਵੱਖ ਟੀਮਾਂ ਤਿਆਰ ਕਰਕੇ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਗਈਆਂ ਸਨ | ਇਸੇ ਲੜੀ ਤਹਿਤ ਡੀ.ਐੱਸ.ਪੀ.ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨਿਗਰਾਨੀ ਹੇਠ ਥਾਣਾ ਖਾਲੜਾ ਦੇ ਐੱਸ.ਐੱਚ.ਓ. ਵਲੋਂ ਇਲਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਵਾਂ ਤਾਰਾ ਸਿੰਘ ਵਾਲੀ ਸਾਈਡ ਤੋੋਂ ਇਕ ਮੋਟਰਸਾਈਕਲ ਨੰਬਰ ਪੀ.ਬੀ. 02 ਡੀ.ਕਿਊ 7394 ਆਉਂਦਾ ਦਿਖਾਈ ਦਿੱਤਾ, ਜਿਸ 'ਤੇ 2 ਨੌਜਵਾਨ ਬੈਠੇ ਸਨ, ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਪਾਰਟੀ ਨੂੰ ਦੇਖਕੇ ਮੋਟਰਸਾਇਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਇਕ ਵਜਨਦਾਰ ਮੋਮੀ ਲਿਫਾਫਾ ਘਾਹ ਫੂਸ ਵਿਚ ਸੁੱਟ ਦਿੱਤਾ, ਜਿਸ 'ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਇਨ੍ਹਾਂ ਨੂੰ ਰੋਕਿਆ ਅਤੇ ਨਾਮ ਪਤਾ ਪੁੱਛਿਆ | ਜਿਸ 'ਤੇ ਪਹਿਲੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਖੁਸ਼ਕੀ ਪੁੱਤਰ ਲਾਡੀ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਸਾਜਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਡੱਲ ਦੱਸਿਆ | ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਦੀ ਹਾਜ਼ਰੀ ਵਿਚ ਇਨ੍ਹਾਂ ਦੀ ਤਲਾਸ਼ੀ ਲੈਣ 'ਤੇ ਇਨ੍ਹਾਂ ਪਾਸੋਂ 1 ਕਿਲੋ 32 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ 'ਤੇ ਇਨ੍ਹਾਂ ਪਾਸੋਂ ਕੁੱਲ 1 ਕਿਲੋ 32 ਗ੍ਰਾਮ ਹੈਰੋਇਨ, ਇਕ ਮੋਬਾਇਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਕੇ ਉਕਤ ਵਿਅਕਤੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ |
ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ | ਐੱਸ.ਪੀ.(ਡੀ) ਰਿਪੁਤਪਨ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਖਾਲੜਾ ਦੇ ਐੱਸ.ਐੱਚ.ਓ. ਅਤੇ ਉਨ੍ਹਾਂ ਦੀ ਟੀਮ ਗਸ਼ਤ ਕਰਦੀ ਹੋਈ ਦਾਣਾ ਮੰਡੀ ਖਾਲੜਾ ਪੁੱਜੀ ਜਿਥੇ ਦੋ ਨੌਜਵਾਨ ਦਾਣਾ ਮੰਡੀ ਵਿਚ ਗੱਲਾਂਬਾਤਾਂ ਕਰਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗੇ ਜਿਨ੍ਹਾਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਨਾਮ ਬਲਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੱਦਰ ਮੱਥਰਾ ਭਾਗੀ ਅਤੇ ਦੂਸਰੇ ਨੇ ਆਪਣਾ ਨਾਮ ਗੁਰਸੇਵਕ ਸਿੰਘ ਉਰਫ ਕਾਕਾ ਪੁੱਤਰ ਸੁੱਖਾ ਸਿੰਘ ਵਾਸੀ ਮੱਦਰ ਮੱਥਰਾ ਭਾਗੀ ਦੱਸਿਆ, ਜਿਹਨਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ ਇਕ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਵਿਚੋਂ 191 ਗ੍ਰਾਮ ਆਈਸ ਬਰਾਮਦ ਹੋਈ | ਜਿਨ੍ਹਾਂ ਖਿਲਾਫ਼ ਥਾਣਾ ਖਾਲੜਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਡੀ.ਐੱਸ.ਪੀ.ਸਿਟੀ ਤਰਨ ਤਾਰਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ.ਸਟਾਫ਼ ਦੀ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਵਾਰਡ ਨੰਬਰ 8 ਗਲੀ ਬਾਜੀਗਰਾਂ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਜੋ ਸੋਨੂੰ ਟੈਲੀਕੋਮ ਦੀ ਦੁਕਾਨ ਬੀਬੋ ਸ਼ਾਹ ਮਾਰਕੀਟ ਨੇੜੇ ਚਾਰ ਖੰਭਾ ਚੌਂਕ ਤਰਨ ਤਾਰਨ ਵਿਖੇ ਕਰਦਾ ਹੈ ਅਤੇ ਇਸ ਟੈਲੀਕੋਮ ਦੀ ਦੁਕਾਨ ਦੀ ਆੜ ਵਿਚ ਵੱਡੇ ਪੱਧਰ 'ਤੇ ਹੈਰੋਇੰਨ ਵੇਚਣ ਦਾ ਧੰਦਾ ਕਰਦਾ ਹੈ | ਜੋ ਅੱਜ ਵੀ ਆਪਣੀ ਦੁਕਾਨ ਉੱਪਰ ਬੈਠਾ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ | ਜਿਸ 'ਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵਲੋਂ ਇਸਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ ਤਾਂ ਮਨਪ੍ਰੀਤ ਸਿੰਘ ਦੀ ਤਲਾਸ਼ੀ ਕੀਤੀ ਗਈ, ਜਿਸ ਪਾਸੋਂ 1 ਕਿੱਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸਦੇ ਖਿਲਾਫ਼ ਥਾਣਾ ਸਿਟੀ ਤਰਨ ਤਾਰਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਦਾ ਅਦਾਲਤ ਵਲੋਂ 5 ਦਿਨ ਦਾ ਰਿਮਾਂਡ ਕੀਤਾ ਗਿਆ ਹੈ | ਐੱਸ.ਪੀ.(ਡੀ) ਰਿਪੁਤਪਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋਂ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ.ਸਿਟੀ ਤਰਨ ਤਾਰਨ ਸੁਖਬੀਰ ਸਿੰਘ, ਡੀ.ਐੱਸ.ਪੀ.ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੀ ਮੌਜੂਦ ਸਨ |
2 ਕਿੱਲੋ 32 ਗ੍ਰਾਮ ਹੈਰੋਇਨ, 191 ਗ੍ਰਾਮ ਆਈਸ, 3 ਮੋਬਾਈਲ ਫੋਨ ਸਮੇਤ 5 ਵਿਅਕਤੀ ਗਿ੍ਫ਼ਤਾਰ <br/>
ਅਜੀਤ ਡੈਸਕ
01-04-2026