ਤਰਨ ਤਾਰਨ, 26 ਮਾਰਚ (ਹਰਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੇਸ਼ ਅਤੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਜੁੜਿਆ ਇਕ ਅਤਿ ਗੰਭੀਰ ਮੁੱਦਾ ਚੁੱਕਦਿਆਂ ਸਰਕਾਰਾਂ ਦੀਆਂ ਨੀਤੀਆਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ | ਇਕ ਬਿਆਨ ਵਿਚ ਪੀਰ ਮੁਹੰਮਦ ਨੇ ਕਿਹਾ ਕਿ ਹਰ ਸਾਲ ਲੱਖਾਂ-ਕਰੋੜਾਂ ਨੌਜਵਾਨ ਸਰਕਾਰੀ ਨੌਕਰੀਆਂ ਦੀ ਆਸ ਵਿਚ ਵੱਖ-ਵੱਖ ਭਰਤੀ ਪ੍ਰੀਖਿਆਵਾਂ ਦੇ ਫਾਰਮ ਭਰਦੇ ਹਨ ਅਤੇ ਭਾਰੀ ਫੀਸਾਂ ਅਦਾ ਕਰਦੇ ਹਨ, ਪਰ ਅਖੀਰ ਵਿਚ ਨੌਕਰੀ ਮਹਿਜ਼ ਕੁਝ ਗਿਣਤੀ ਦੇ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ | ਉਨ੍ਹਾਂ ਗੰਭੀਰ ਸਵਾਲ ਉਠਾਇਆ ਕਿ ਜਦੋਂ ਸਰਕਾਰਾਂ ਕੋਲ ਸੀਮਤ ਆਸਾਮੀਆਂ ਹੁੰਦੀਆਂ ਹਨ, ਤਾਂ ਫਿਰ ਬਾਕੀ ਰਹਿੰਦੇ ਲੱਖਾਂ ਨੌਜਵਾਨਾਂ ਤੋਂ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਕਿੱਥੇ ਜਾਂਦੀ ਹੈ? ਉਨ੍ਹਾਂ ਕਿਹਾ ਕਿ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਪੇਟ ਕੱਟ ਕੇ ਅਤੇ ਮਿਹਨਤ ਦੀ ਕਮਾਈ ਜੋੜ ਕੇ ਇਹ ਫੀਸਾਂ ਭਰਦੇ ਹਨ, ਪਰ ਸਰਕਾਰਾਂ ਲਈ ਇਹ ਰੁਜ਼ਗਾਰ ਦੇਣ ਦੀ ਬਜਾਏ ਖਜ਼ਾਨਾ ਭਰਨ ਦਾ ਇਕ ਜ਼ਰੀਆ ਬਣ ਗਿਆ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਸਾਰੇ ਯੋਗ ਉਮੀਦਵਾਰਾਂ ਨੂੰ ਰੁਜ਼ਗਾਰ ਦੇਣ ਵਿਚ ਅਸਮਰੱਥ ਹੈ, ਤਾਂ ਫਿਰ ਉਨ੍ਹਾਂ ਨੌਜਵਾਨਾਂ ਦੀਆਂ ਪ੍ਰੀਖਿਆ ਫੀਸਾਂ ਵਾਪਸ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਜੋ ਚੁਣੇ ਨਹੀਂ ਜਾਂਦੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਦੀ ਕਮਾਈ ਦਾ ਹਿਸਾਬ ਦੇਣਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ |