ਕੋਟ ਬਾਬਾ ਦੀਪ ਸਿੰਘ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਕਾਰਵਾਈ
ਰੇਹੜੀਆਂ ਅਤੇ ਗੈਰ-ਅਧਿਕਾਰਤ ਕਬਜ਼ੇ ਹਟਾਏ
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵਲੋਂ ਕੋਟ ਬਾਬਾ ਦੀਪ ਸਿੰਘ ਇਲਾਕੇ ’ਚ ਨਾਜਾਇਜ਼ ਕਬਜ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਕਾਰਵਾਈ ਖ਼ਾਸ ਤੌਰ ‘ਤੇ ਸਟ੍ਰੀਟ ਨੰਬਰ 1 ਤੋਂ 7 ਤੱਕ ਕੀਤੀ ਗਈ, ਜਿੱਥੇ ਸੜਕ ਕਿਨਾਰੇ ਰੇਹੜੀਆਂ, ਨਾਜਾਇਜ਼ ਕਬਜ਼ਿਆਂ ਅਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਕਾਰਨ ਆਵਾਜਾਈ ਵਿਚ ਵਿਘਨ ਪੈਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ’ਤੇ ਕੀਤੀ ਗਈ।
ਨ
ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਦੇ ਮੁਲਾਜ਼ਮ ਕੋਟ ਬਾਬਾ ਦੀਪ ਸਿੰਘ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਦੌਰਾਨ ਦੁਕਾਨਦਾਰਾਂ ਦਾ ਸਾਮਾਨ ਚੁਕਦੇ ਹੋਏ। ਤਸਵੀਰਾਂ : ਹਰਜੀਤ ਸਿੰਘ
11-09-2026
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵਲੋਂ ਕੋਟ ਬਾਬਾ ਦੀਪ ਸਿੰਘ ਇਲਾਕੇ ’ਚ ਨਾਜਾਇਜ਼ ਕਬਜ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਕਾਰਵਾਈ ਖ਼ਾਸ ਤੌਰ ‘ਤੇ ਸਟ੍ਰੀਟ ਨੰਬਰ 1 ਤੋਂ 7 ਤੱਕ ਕੀਤੀ ਗਈ, ਜਿੱਥੇ ਸੜਕ ਕਿਨਾਰੇ ਰੇਹੜੀਆਂ, ਨਾਜਾਇਜ਼ ਕਬਜ਼ਿਆਂ ਅਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਕਾਰਨ ਆਵਾਜਾਈ ਵਿਚ ਵਿਘਨ ਪੈਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ’ਤੇ ਕੀਤੀ ਗਈ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਇਸ ਕਾਰਵਾਈ ਨੂੰ ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਅਗਵਾਈ ਵਾਲੀ ਟੀਮ ਜਿਸ ’ਚ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਅਮਨ ਕੁਮਾਰ ਸ਼ਾਮਿਲ ਟੀਮ ਵਲੋਂ ਅੰਜਾਮ ਦਿੱਤਾ ਗਿਆ। ਮੁਹਿੰਮ ਦੌਰਾਨ ਨਿਗਮ ਦੀ ਟੀਮ ਵਲੋਂ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕੀਤੇ ਗਏ ਰੇਹੜੀਆਂ, ਆਰਜ਼ੀ ਢਾਂਚਿਆਂ ਅਤੇ ਹੋਰ ਗੈਰ-ਅਧਿਕਾਰਤ ਕਬਜ਼ਿਆਂ ਨੂੰ ਹਟਾਇਆ ਗਿਆ। ਟੀਮ ਵਲੋਂ ਆਟੋ, ਟੈਂਪੂ ਅਤੇ ਹੋਰ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਉਹ ਅਜਿਹੇ ਢੰਗ ਨਾਲ ਵਾਹਨ ਖੜ੍ਹੇ ਨਾ ਕਰਨ ਜਿਸ ਨਾਲ ਆਵਾਜਾਈ ਵਿਚ ਵਿਘਨ ਪਵੇ।ਇਹ ਕਾਰਵਾਈ ਆਮ ਆਦਮੀ ਪਾਰਟੀ ਦੀ ਕੌਂਸਲਰ ਕਿਰਨਜੀਤ ਕੌਰ ਬੱਬਰ ਵਾਰਡ ਨੰਬਰ 47, ਦੱਖਣੀ ਹਲਕਾ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸ਼ੁਰੂ ਕੀਤੀ ਗਈ। ਕੌਂਸਲਰ ਵਲੋਂ ਇਲਾਕੇ ਵਿਚ ਵੱਧ ਰਹੇ ਨਾਜਾਇਜ਼ ਕਬਜ਼ਿਆਂ ਅਤੇ ਆਵਾਜਾਈ ਵਿਚ ਪੈ ਰਹੀ ਰੁਕਾਵਟ ਦਾ ਮਾਮਲਾ ਉਠਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਕੌਂਸਲਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਨਗਰ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੱਜ ਕੀਤੀ ਗਈ ਕਾਰਵਾਈ ਨੂੰ ਸਿਰਫ਼ ਇਕ ਵਾਰ ਦੀ ਕਾਰਵਾਈ ਨਾ ਸਮਝਿਆ ਜਾਵੇ। ਇਲਾਕੇ ’ਚ ਮੁੜ ਨਾਜਾਇਜ਼ ਕਬਜ਼ੇ ਨਾ ਹੋਣ ਦੇਣ ਲਈ ਨਿਯਮਤ ਨਿਗਰਾਨੀ ਅਤੇ ਅਗਲੇ ਪੜਾਅ ਵਿਚ ਵੀ ਕਾਰਵਾਈ ਜਾਰੀ ਰਹੇਗੀ। ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਜਨਤਕ ਸੜਕਾਂ ਅਤੇ ਫੁੱਟਪਾਥਾਂ ’ਤੇ ਕਿਸੇ ਵੀ ਵਿਅਕਤੀ ਨੂੰ ਨਿੱਜੀ ਜਾਂ ਵਪਾਰਕ ਗਤੀਵਿਧੀਆਂ ਲਈ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣਾ ਅਤੇ ਸ਼ਹਿਰ ਵਿਚ ਸੁਚੱਜੀ ਨਾਗਰਿਕ ਵਿਵਸਥਾ ਕਾਇਮ ਰੱਖਣਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਾਜਾਇਜ਼ ਕਬਜ਼ਾ ਹਟਾਏ ਜਾਣ ਤੋਂ ਬਾਅਦ ਮੁੜ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਕੇ ਜਨਤਕ ਥਾਵਾਂ ’ਤੇ ਰੱਖੀਆਂ ਗਈਆਂ ਰੇਹੜੀਆਂ, ਸਾਮਾਨ, ਸਮੱਗਰੀ ਅਤੇ ਹੋਰ ਵਸਤਾਂ ਨੂੰ ਅਗਲੀ ਕਾਰਵਾਈ ਦੌਰਾਨ ਜ਼ਬਤ ਕੀਤਾ ਜਾ ਸਕਦਾ ਹੈ।