ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਬੇਰੀ ਗੇਟ ਅੰਮ੍ਰਿਤਸਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਦੀ ਯੋਗ ਅਗਵਾਈ ਹੇਠ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਸ਼ੁਰੂਆਤੀ ਪਛਾਣ ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਹੈਲਥ ਕਲੱਬ ਅਤੇ ਲਿਟਰੇਰੀ ਕਲੱਬ ਵਲੋਂ ਫੁਲਕਾਰੀ - ਵੂਮੈਨ ਆਫ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ‘ਚ ਪ੍ਰਿਯੰਕਾ ਗੋਇਲ, ਨੇਹਾ ਸ਼ਰਮਾ, ਡਾ. ਰੂਮਿਤਾ ਅਰੋੜਾ, ਨਵਕਿਰਤ ਅਤੇ ਸ੍ਰੀਮਤੀ ਹਰਕਮਲ ਦੀ ਵਿਸ਼ੇਸ਼ ਭੂਮਿਕਾ ਰਹੀ। ਮੁੱਖ ਬੁਲਾਰੇ ਸ੍ਰੀਮਤੀ ਹਰਕਮਲ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਸਰਵਾਈਕਲ ਕੈਂਸਰ ਮਹਿਲਾਵਾਂ ‘ਚ ਹੋਣ ਵਾਲੇ ਸਭ ਤੋਂ ਆਮ ਕੈਂਸਰਾਂ ਵਿਚੋਂ ਇਕ ਹੈ, ਪਰ ਇਹ ਉਨ੍ਹਾਂ ਕੈਂਸਰਾਂ ‘ਚ ਸ਼ਾਮਿਲ ਹੈ ਜਿਸ ਦੀ ਸਮੇਂ ਸਿਰ ਰੋਕਥਾਮ ਅਤੇ ਸ਼ੁਰੂਆਤੀ ਪਛਾਣ ਸੰਭਵ ਹੈ। ਇਹ ਬਿਮਾਰੀ ਮੁੱਖ ਤੌਰ ‘ਤੇ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਕਾਰਨ ਹੁੰਦੀ ਹੈ। ਸਮੇਂ ਸਿਰ ਐੱਚ. ਪੀ. ਵੀ. ਵੈਕਸੀਨ, ਨਿਯਮਿਤ ਪੈਪ ਸਮੀਅਰ ਅਤੇ ਐੱਚ. ਪੀ. ਵੀ. ਸਕ੍ਰੀਨਿੰਗ ਕਰਵਾਉਣ ਨਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਇਸ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਅਕਸਰ ਕੋਈ ਸਪਸ਼ਟ ਲੱਛਣ ਨਹੀਂ ਹੁੰਦੇ, ਇਸ ਲਈ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ। ਸਮੇਂ ਸਿਰ ਪਛਾਣ ਹੋਣ ‘ਤੇ ਇਸ ਦਾ ਸਫਲ ਇਲਾਜ ਸੰਭਵ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਨੇ ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਦੀ ਟੀਮ ਅਤੇ ਕਾਲਜ ਦੇ ਹੈਲਥ ਕਲੱਬ ਅਤੇ ਲਿਟਰੇਰੀ ਕਲੱਬ ਨੂੰ ਇਸ ਲੋਕ-ਹਿਤੈਸ਼ੀ ਪ੍ਰੋਗਰਾਮ ਲਈ ਵਧਾਈ ਦਿੱਤੀ।