ਅੰਮ੍ਰਿਤਸਰ, 3 ਅਗਸਤ (ਹਰਮਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਵਲੋਂ ਵਾਰਡ ਨੰਬਰ 22 ਦੇ ਮੋਹਕਮਪੁਰਾ ਇਲਾਕੇ ’ਚ ਚੱਲ ਰਹੀਆਂ ਤਿੰਨ ਅਣ-ਅਧਿਕਾਰਤ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਗਈ । ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਅਫ਼ਸਰ ਡਾ: ਕਿਰਨ ਦੀ ਨਿਗਰਾਨੀ ਹੇਠ ਕਾਰਵਾਈ ਨੂੰ ਅਮਲ ‘ਚ ਲਿਆਂਦਾ ਗਿਆ। ਜਿਸ ਲਈ ਨਗਰ ਨਿਗਮ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਮਦਦ ਲਈ । ਇਸ ਦੌਰਾਨ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਚੱਲ ਰਹੀਆਂ ਤਿੰਨ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੌਰਾਨ 6 ਪਸ਼ੂ ਜ਼ਬਤ ਕਰਕੇ ਨਗਰ ਨਿਗਮ ਦੀ ਗਊਸ਼ਾਲਾ ‘ਚ ਭੇਜੇ ਗਏ । ਇਸ ਮੌਕੇ ਨਾਇਬ ਤਹਿਸੀਲਦਾਰ ਅੰਗਦ ਸਿੰਘ, ਮੁੱਖ ਸੈਨੇਟਰੀ ਅਫ਼ਸਰ ਜੇ.ਪੀ. ਬੱਬਰ, ਮੁੱਖ ਸੈਨੇਟਰੀ ਇੰਸਪੈਕਟਰ ਵਿਜੈ ਗਿੱਲ, ਅਤੇ ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ ਸਮੇਤ ਨਗਰ ਨਿਗਮ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਨੇ ਰਿਹਾਇਸ਼ੀ ਅਤੇ ਮਨਾਹੀਸ਼ੁਦਾ ਖੇਤਰਾਂ ਵਿਚ ਚੱਲ ਰਹੀਆਂ ਅਣ-ਅਧਿਕਾਰਤ ਡੇਅਰੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗ਼ੈਰ-ਕਾਨੂੰਨੀ ਡੇਅਰੀਆਂ ਗੰਦਗੀ ਫੈਲਾਉਂਦੀਆਂ ਹਨ, ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣਦੀਆਂ ਹਨ । ਉਨ੍ਹਾਂ ਸਾਰੇ ਸ਼ਹਿਰ ਅੰਦਰ ਚਲਾਈਆਂ ਜਾ ਰਹੀਆਂ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡੇਅਰੀਆਂ ਨੂੰ ਤੁਰੰਤ ਫਤਾਹਪੁਰ ਡੇਅਰੀ ਕੰਪਲੈਕਸ ਵਿਚ ਤਬਦੀਲ ਕਰਨ, ਜਿਸ ਨੂੰ ਨਗਰ ਨਿਗਮ ਵਲੋਂ ਡੇਅਰੀ ਗਤੀਵਿਧੀਆਂ ਲਈ ਅਧਿਕਾਰਤ ਸਥਾਨ ਵਜੋਂ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ‘ਚ ਡੇਅਰੀ ਚਲਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਉਪਲਬਧ ਹੈ, ਜਿਸ ਨਾਲ ਸਫ਼ਾਈ, ਵਾਤਾਵਰਣ ਸੁਰੱਖਿਆ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਯਕੀਨੀ ਬਣਦੀ ਹੈ।
ਮੋਹਕਮਪੁਰਾ ’ਚ ਤਿੰਨ ਅਣ-ਅਧਿਕਾਰਤ ਡੇਅਰੀਆਂ ਖ਼ਿਲਾਫ਼ ਨਗਰ ਨਿਗਮ ਵਲੋਂ ਕਾਰਵਾਈ
ਮੋਹਕਮਪੁਰਾ ’ਚ ਤਿੰਨ ਅਣ-ਅਧਿਕਾਰਤ ਡੇਅਰੀਆਂ ਖ਼ਿਲਾਫ਼ ਨਗਰ ਨਿਗਮ ਵਲੋਂ ਕਾਰਵਾਈ
ਅਜੀਤ ਡੈਸਕ
04-08-2026