* ਸੀਵਰਮੈਨਾਂ ਦੀ ਹੜਤਾਲ ਕਾਰਨ ਸੀਵਰੇਜ਼ ਪ੍ਰਣਾਲੀ ਨੇ ਤੋੜਿਆ ਦਮ * ਸੜਕਾਂ ’ਤੇ ਪਾਣੀ ਇਕੱਠਾ ਹੋਣ ਨਾਲ ਜਨਜੀਵਨ ਹੋਇਆ ਪ੍ਰਭਾਵਿਤ
ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)- ਅੰਮ੍ਰਿਤਸਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ‘ਚ ਅੱਜ ਤੀਸਰੇ ਦਿਨ ਵੀ ਭਾਰੀ ਮੀਂਹ ਪਿਆ ਜਿਸ ਕਾਰਨ ਸ਼ਹਿਰ ਵਿਚ ਇਕ ਵਾਰ ਮੁੜ ਜਲਥਲ ਹੋ ਗਈ। ਸੀਵਰਮੈਨਾਂ ਦੀ ਹੜਤਾਲ ਕਾਰਨ ਸ਼ਹਿਰ ‘ਚ ਬਰਸਾਤੀ ਪਾਣੀ ਦੀ ਨਿਕਾਸੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਸੜਕਾਂ ‘ਤੇ ਪੂਰਾ ਦਿਨ ਬਰਸਾਤੀ ਪਾਣੀ ਖੜ੍ਹਾ ਰਹਿਣ ਕਰਕੇ ਉਸ ‘ਤੇ ਜਨਜੀਵਨ ‘ਤੇ ਵੱਡਾ ਅਸਰ ਦੇਖਣ ਨੂੰ ਮਿਲਿਆ । ਕਈ ਲੋਕਾਂ ਦੀ ਵਾਹਨ ਬਰਸਾਤੀ ਪਾਣੀ ਦੇ ਵਿਚ ਹੀ ਬੰਦ ਹੋ ਗਏ। ਅੱਜ ਤੜਕੇ ਤੋਂ ਅੰਮ੍ਰਿਤਸਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਭਾਰੀ ਮੀਂਹ ਪੈਣਾ ਸ਼ੁਰੂ ਹੋਇਆ। ਇਸ ਜ਼ਿਲ੍ਹੇ ਵਿਚ ਰੁਕ ਰੁਕ ਕੇ ਲਗਾਤਾਰ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੋਂ ਪਹਿਲਾਂ ਹੋਈ ਬਰਸਾਤ ਦਾ ਪਾਣੀ ਉਤਰਦਾ ਨਹੀਂ ਕਿ ਸੜਕਾਂ ‘ਤੇ ਮੀਂਹ ਦਾ ਪਾਣੀ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ । ਕਈ ਇਲਾਕਿਆਂ ‘ਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ‘ਚ ਚਲਾ ਗਿਆ। ਸੀਵਰਮੈਨਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਦੀ ਸੀਵਰ ਪ੍ਰਣਾਲੀ ਵੀ ਜਵਾਬ ਦੇ ਗਈ। ਜਿਸ ਕਾਰਨ ਬਹੁਤ ਸਾਰੀਆਂ ਸੜਕਾਂ ਮੀਂਹ ਬੰਦ ਹੋਣ ਤੋਂ ਵੀ ਬਾਅਦ ਕਈ ਘੰਟਿਆਂ ਤੱਕ ਬਰਸਾਤੀ ਪਾਣੀ ਨਾਲ ਢੱਕੀਆਂ ਰਹੀਆਂ। ਕਈ ਸੜਕਾਂ ‘ਤੇ ਤਿੰਨ ਫੁੱਟ ਤੱਕ ਪਾਣੀ ਖੜ੍ਹਾ ਰਿਹਾ। ਜਿਸ ਵਿਚੋਂ ਲੰਘਣ ਦੌਰਾਨ ਲੋਕਾਂ ਦੇ ਵਾਹਨ ਬੰਦ ਹੋ ਗਏ। ਸ਼ਹਿਰ ਦੇ ਟੇਲਰ ਰੋਡ, ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ, ਕਚਹਿਰੀ ਚੌਕ, ਪੁਤਲੀਘਰ, ਲਾਰੰਸ ਰੋਡ, ਰੇਲਵੇ ਰੋਡ, ਮਾਲ ਰੋਡ , ਬਟਾਲਾ ਰੋਡ, ਮਜੀਠਾ ਰੋਡ ਸੜਕਾਂ ‘ਤੇ ਮੀਂਹ ਦਾ ਪਾਣੀ ਖੜ੍ਹਾ ਰਿਹਾ। ਅੰਮ੍ਰਿਤਸਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਪਿਛਲੇ 24 ਘੰਟਿਆਂ ‘ਚ ਵੀਰਵਾਰ ਨੂੰ ਸਵੇਰੇ 8.30 ਤੱਕ 83.5 ਮਿਲੀਮੀਟਰ ਅਤੇ ਉਸ ਤੋਂ ਬਾਅਦ ਸ਼ਾਮ 5.30 ਵਜੇ ਤੱਕ 20.6 ਮਿਲੀਮੀਟਰ ਤੱਕ ਮੀਂਹ ਪਿਆ। ਜਿਸ ਦੇ ਨਾਲ ਸ਼ਹਿਰ ਦੇ ਤਾਪਮਾਨ ‘ਚ ਗਿਰਾਵਟ ਆਈ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 4.1 ਡਿਗਰੀ ਸੈਲਸੀਅਸ ਘੱਟ ਸੀ। ਰਾਤ ਦਾ ਤਾਪਮਾਨ ਵੀ ਆਮ ਨਾਲੋਂ 1.8 ਡਿਗਰੀ ਸੈਲਸੀਅਸ ਘੱਟ ਰਿਹਾ।
ਅੰਮ੍ਰਿਤਸਰ ’ਚ ਮੀਂਹ ਨੇ ਕੀਤੀ ਜਲਥਲ
ਅਜੀਤ ਡੈਸਕ
24-07-2026