12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਲੋਕਾਂ ਨੂੰ ਡਿਜੀਟਲ ਨਾਗਰਿਕ ਸੇਵਾਵਾਂ ਬਾਰੇ ਕਰਨਗੇ ਜਾਗਰੂਕ

ਅਜੀਤ ਡੈਸਕ 16-07-2026

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀਆਂ ਨਾਗਰਿਕ-ਕੇਂਦਰਿਤ ਡਿਜੀਟਲ ਸੇਵਾਵਾਂ ਅਤੇ ਸਿਟੀਜ਼ਨ ਐਪ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਨਗਰ ਨਿਗਮ ਵਲੋਂ ਯੂਨੀਵਰਸਿਟੀ ਨੂੰ ਭੇਜੇ ਪੱਤਰ ਅਨੁਸਾਰ ਵਿਸ਼ੇਸ਼ ਸਿਖਲਾਈ ਵਰਕਸ਼ਾਪ ਰਾਹੀਂ ਇਲੈਕਟ੍ਰੋਨਿਕਸ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ਨਵੀਆਂ ਡਿਜੀਟਲ ਨਾਗਰਿਕ ਸੇਵਾਵਾਂ ਨਾਲ ਜਾਣੂੰ ਕਰਵਾਇਆ ਜਾਵੇਗਾ। ਸਿਖਲਾਈ ਉਪਰੰਤ ਇਹ ਵਿਦਿਆਰਥੀ ਆਮ ਲੋਕਾਂ ਨੂੰ ਸਿਟੀਜ਼ਨ ਐਪ ਦੀ ਵਰਤੋਂ, ਆਨਲਾਈਨ ਨਾਗਰਿਕ ਸੇਵਾਵਾਂ ਅਤੇ ਡਿਜੀਟਲ ਗਵਰਨੈਂਸ ਨਾਲ ਸੰਬੰਧਿਤ ਸਹੂਲਤਾਂ ਬਾਰੇ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਦੀ ਮਦਦ ਵੀ ਕਰਨਗੇ। ਇਸ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਵਿਭਾਗ ਦੇ ਪ੍ਰੋ. (ਡਾ.) ਰਵਿੰਦਰ ਕੁਮਾਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਡਾ. ਕੁਲਦੀਪ ਸਿੰਘ ਦੀ ਦੇਖਰੇਖ ਹੇਠ ਇਸ ਕਾਰਜ ਨੂੰ ਪੂਰਾ ਕੀਤਾ ਜਾਵੇਗਾ। ਪ੍ਰੋ. (ਡਾ.) ਰਵਿੰਦਰ ਕੁਮਾਰ ਨੇ ਦੱਸਿਆ ਕਿ ਅਡੀਸ਼ਨਲ ਮਿਊਂਸਿਪਲ ਕਮਿਸ਼ਨਰ ਜੈ ਇੰਦਰ ਸਿੰਘ, ਪੀ.ਸੀ.ਐੱਸ. ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿਚ ਇਸ ਮੁਹਿੰਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਮਾਜ ਭਲਾਈ ਦੇ ਕਾਰਜ ਨਾਲ ਚਾਹਵਾਨ ਵਿਦਿਆਰਥੀਆਂ ਨੂੰ ਜੋੜਿਆ ਜਾਵੇਗਾ, ਜੋ ਆਪਣੀ ਪੜ੍ਹਾਈ ਦੇ ਨਾਲ-ਨਾਲ ਲੋਕਾਂ ਨੂੰ ਡਿਜੀਟਲ ਨਾਗਰਿਕ ਸੇਵਾਵਾਂ ਦਾ ਲਾਭ ਲੈਣ ਲਈ ਜਾਗਰੂਕ ਕਰਨਗੇ ਅਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਨਗੇ।

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੱਲਾਂਵਾਲੇ ਤੋਂ ਡੀ.ਸੀ. ਦਫ਼ਤਰ ਤੱਕ ਕੱਢਿਆ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਵਿਧਾਇਕ ਸਰਕਾਰੀਆ ਤੇ ਹਰਪ੍ਰਤਾਪ ਅਜਨਾਲਾ ਨੇ ਚੋਣਾਂ ਸੰਬੰਧੀ ਕੀਤੇ ਰਾਜਨੀਤਿਕ ਵਿਚਾਰ ਵਟਾਂਦਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।