ਅੰਮ੍ਰਿਤਸਰ, 14 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਯੂ. ਐੱਸ. ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੇ ਵਾਸ਼ਿੰਗਟਨ (ਸੰਯੁਕਤ ਰਾਜ ਅਮਰੀਕਾ) ਸਥਿਤ ਹੈੱਡਕੁਆਟਰ ਵਿਖੇ ਡਾਇਰੈਕਟਰ ਕਸ਼ਯਪ ਪ੍ਰਮੋਦ ਪਟੇਲ ਉਰਫ਼ ਕਾਸ਼ ਪਟੇਲ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਕਾਸ਼ ਪਟੇਲ ਦੇ ਪਿਤਾ ਪ੍ਰਮੋਦ ਰਮੇਸ਼ ਚੰਦਰ ਪਟੇਲ ਮੂਲ ਰੂਪ ‘ਚ ਭਾਰਤ ਦੇ ਗੁਜਰਾਤ ‘ਚ ਆਨੰਦ ਜ਼ਿਲ੍ਹੇ ਦੇ ਭਦਰਨ ਪਿੰਡ ਦੇ ਰਹਿਣ ਵਾਲੇ ਸਨ। ਇਸ ਗੁਜਰਾਤੀ ਪਰਿਵਾਰ ਨੂੰ ਯੁਗਾਂਡਾ ‘ਚ ਨਸਲੀ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੰਨ 1972 ‘ਚ ਯੁਗਾਂਡਾ ਦੇ ਰਾਸ਼ਟਰਪਤੀ ਈਦੀ ਅਮੀਨ ਦੁਆਰਾ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਗਿਆ । ਕਾਸ਼ ਪਟੇਲ ਨੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨਾਲ ਮੁਲਾਕਾਤ ਦੌਰਾਨ ਖੇਤਰ ‘ਚ ਅਮਰੀਕੀ ਹਿਤਾਂ ਦੀ ਰੱਖਿਆ ‘ਚ ਪਾਕਿ ਦੇ ਕਥਿਤ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਮੀਟਿੰਗ ਉਪਰੰਤ ਸੋਸ਼ਲ ਮੀਡੀਆ ‘ਤੇ ਕਿਹਾ ਕਿ ਪਾਕਿ ਮੰਤਰੀ ਨਾਲ ਚਰਚਾ ਦੇਸ਼ ਅਤੇ ਵਿਦੇਸ਼ ਦੋਵਾਂ ‘ਚ ਅੱਤਵਾਦ ਵਿਰੋਧੀ ਵਿੱਤ ਪੋਸ਼ਣ ਅਤੇ ਸਾਈਬਰ ਜਾਂਚਾਂ ਦਾ ਮੁਕਾਬਲਾ ਕਰਨ ਲਈ ਸਰੋਤਾਂ ਦੀ ਸਹੂਲਤ ਅਤੇ ਵਿਸ਼ੇਸ਼ ਸਿਖਲਾਈ ‘ਤੇ ਕੇਂਦ੍ਰਿਤ ਸੀ। ਪਟੇਲ ਨੇ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਮਹੱਤਵਪੂਰਨ ਦੱਸਦਿਆਂ ਦੁਵੱਲੇ ਸਹਿਯੋਗ ‘ਚ ਅੱਗੇ ਹੋਰ ਸਫਲਤਾ ਬਾਰੇ ਉਮੀਦ ਪ੍ਰਗਟਾਈ। ਪਾਕਿ ਦੁਆਰਾ ਜਾਰੀ ਬਿਆਨ ਅਨੁਸਾਰ ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਪਾਕਿਸਤਾਨ ਅਤੇ ਸੰਯੁਕਤ ਰਾਜ ਅਮਰੀਕਾ ਆਪਣੀ ਸੁਰੱਖਿਆ ਭਾਈਵਾਲੀ ਨੂੰ ਖ਼ਾਸ ਕਰਕੇ ਅੱਤਵਾਦ ਵਿਰੋਧੀ, ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਵਿੱਤੀ ਅਪਰਾਧਾਂ ਨਾਲ ਲੜਨ ਦੇ ਖੇਤਰਾਂ ‘ਚ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪਾਕਿ ਦੇ ਗ੍ਰਹਿ ਮੰਤਰੀ ਨਕਵੀ ਨੇ ਕੀਤੀ ਐੱਫ. ਬੀ. ਆਈ. ਚੀਫ਼ ਪਟੇਲ ਨਾਲ ਮੁਲਾਕਾਤ
ਅਜੀਤ ਡੈਸਕ
15-07-2026