24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸੰਯੁਕਤ ਰਾਸ਼ਟਰ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਸੁਰੱਖਿਆ ਅਤੇ ਨੈਤਿਕਤਾ ‘ਤੇ ਸਿੱਖ ਧਰਮ ਦੀ ਕੀਤੀ ਨੁਮਾਇੰਦਗੀ

ਅਜੀਤ ਡੈਸਕ 15-06-2026

ਅੰਮ੍ਰਿਤਸਰ, 14 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਵਿਟਜ਼ਰਲੈਂਡ ਦੇ ਜਨੀਵਾ ਵਿਖੇ ਸੰਯੁਕਤ ਰਾਸ਼ਟਰ ਦਫ਼ਤਰ ‘ਚ ਕਰਵਾਏ ਗਏ ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਨੈਤਿਕਤਾ ਵਿਸ਼ੇ ‘ਤੇ ਅੰਤਰ-ਧਰਮ ਸੰਵਾਦ ‘ਚ ਸਿੱਖ ਧਰਮ ਦੀ ਨੁਮਾਇੰਦਗੀ ਕਰਦਿਆਂ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ। ਇਹ ਸੰਵਾਦ ਸੰਯੁਕਤ ਰਾਸ਼ਟਰ ਨਿਰਸ਼ਸ਼ਤਰੀਕਰਨ ਖੋਜ ਸੰਸਥਾ (ਯੂਐਨਆਈਡੀਆਈਆਰ) ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਨੈਤਿਕਤਾ ਬਾਰੇ ਹੋਣ ਵਾਲੀ ਵਿਸ਼ਵ ਕਾਨਫ਼ਰੰਸ ਤੋਂ ਪਹਿਲਾਂ ਕਰਵਾਇਆ ਗਿਆ। ਇਸ ‘ਚ ਦੁਨੀਆਂ ਦੀਆਂ ਪ੍ਰਮੁੱਖ ਧਾਰਮਿਕ ਪਰੰਪਰਾਵਾਂਂ ਵੇਦਾਂਤ, ਬੌਧ, ਸਿੱਖ, ਇਸਾਈ, ਯਹੂਦੀ ਅਤੇ ਇਸਲਾਮਿਕ ਪਰੰਪਰਾਵਾਂਂਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਸੈਸ਼ਨ ਦਾ ਉਦਘਾਟਨ ਯੂਐਨਆਈਡੀਆਈਆਰ ਦੇ ਡਾਇਰੈਕਟਰ ਡਾ. ਰੋਬਿਨ ਗੀਸ ਅਤੇ ਸੰਯੁਕਤ ਰਾਸ਼ਟਰ ਲਈ ਹੋਲੀ ਸੀ ਦੇ ਸਥਾਈ ਨਿਗਰਾਨ ਆਰਚਬਿਸ਼ਪ ਏਤੋਰੇ ਬਾਲੇਸਤਰੇਰੋ ਨੇ ਕੀਤਾ। ਸੰਵਾਦ ਦਾ ਸੰਚਾਲਨ ਏਆਈ ਖੋਜਕਾਰ ਡਾ. ਯਾਸਮਿਨ ਅਫੀਨਾ ਨੇ ਕੀਤਾ। ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਿੱਖ ਅਰਦਾਸ ਦੇ ਅਖ਼ੀਰ ‘ਚ ਆਉਣ ਵਾਲਾ ਸਰਬੱਤ ਦਾ ਭਲਾ ਸਿਰਫ਼ ਪ੍ਰਾਰਥਨਾ ਨਹੀਂ, ਸਗੋਂ ਮਨੁੱਖਤਾ ਲਈ ਇਕ ਵਿਸ਼ਵ ਨੈਤਿਕ ਦ੍ਰਿਸ਼ਟੀ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਹੀ ਵਿਕਾਸ ਨੂੰ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1705 ‘ਚ ਲਿਖੇ ਜ਼ਫਰਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੈਤਿਕ ਅਗਵਾਈ ਲਈ ਜ਼ਮੀਰ, ਜਵਾਬਦੇਹੀ ਅਤੇ ਨੈਤਿਕ ਸਾਹਸ ਬਹੁਤ ਜ਼ਰੂਰੀ ਹਨ। ਉਨ੍ਹਾਂ ਜ਼ਫਰਨਾਮੇ ਨੂੰ ਅਨਿਆਂ ਦੇ ਵਿਰੁੱਧ ਸਿਰਫ਼ ਵਿਰੋਧ ਨਹੀਂ, ਸਗੋਂ ਜ਼ਿੰਮੇਵਾਰ ਲੀਡਰਸ਼ਿਪ ਦਾ ਸਦੀਵੀ ਮਾਰਗਦਰਸ਼ਕ ਕਰਾਰ ਦਿੱਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਠੀਕ ਦਿਸ਼ਾ ਲਈ ਉਨ੍ਹਾਂ ਪੰਜ ਮੂਲ ਸਿਧਾਂਤ ਵੀ ਪੇਸ਼ ਕੀਤੇ। ਉਨ੍ਹਾਂ ਵਿਸ਼ਵ ਪੱਧਰ ‘ਤੇ ਤਿੰਨ ਮੁੱਖ ਪ੍ਰਾਥਮਿਕਤਾਵਾਂ ਦਾ ਵੀ ਸੁਝਾਅ ਪੇਸ਼ ਕੀਤਾ ਜਿਨ੍ਹਾਂ ‘ਚ ਯੁੱਧ ਅਤੇ ਸੁਰੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਜਵਾਬਦੇਹ ਮਨੁੱਖੀ ਨਿਯੰਤਰਣ, ਉੱਚ-ਖ਼ਤਰੇ ਵਾਲੇ ਤੰਤਰਾਂ ਦਾ ਮਨੁੱਖੀ ਮਰਯਾਦਾ ਦੇ ਆਧਾਰ ‘ਤੇ ਮੁਲਾਂਕਣ, ਅਤੇ ਸਭ ਦਾ ਵਿਕਾਸ ਵਾਲੇ ਵਿਸ਼ਵ ਪੱਧਰੀ ਢਾਂਚੇ ਦੀ ਰਚਨਾ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਮਨੁੱਖਤਾ ਸਾਹਮਣੇ ਅਸਲ ਸਵਾਲ ਇਹ ਨਹੀਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਿੰਨੀ ਬੁੱਧੀਮਾਨ ਬਣੇਗੀ, ਸਗੋਂ ਇਹ ਹੈ ਕਿ ਮਨੁੱਖਤਾ ਉਸਨੂੰ ਸਹੀ ਦਿਸ਼ਾ ਦੇਣ ਵਿਚ ਕਿੰਨੀ ਸਿਆਣਪ ਦਿਖਾਉਂਦੀ ਹੈ। ਪ੍ਰੋ. ਕਰਮਜੀਤ ਸਿੰਘ ਦੀ ਇਸ ਵੱਕਾਰੀ ਸੰਯੁਕਤ ਰਾਸ਼ਟਰ ਸੰਵਾਦ ‘ਚ ਭਾਗੀਦਾਰੀ ਨੇ ਉਭਰਦੀਆਂ ਤਕਨਾਲੋਜੀਆਂ, ਅਮਨ, ਸੁਰੱਖਿਆ ਤੇ ਮਨੁੱਖੀ ਭਲਾਈ ਸੰਬੰਧੀ ਵਿਸ਼ਵ ਚਰਚਾਵਾਂ ‘ਚ ਸਿੱਖ ਨੈਤਿਕ ਚਿੰਤਨ ਦੀ ਵਧਦੀ ਮਹੱਤਤਾ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ।

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਜਾਸਾਂਸੀ ‘ਚ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।