15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਲ ਖ਼ਾਲਸਾ ਵਲੋਂ ਘੱਲੂਘਾਰਾ ਦਿਵਸ ਮੌਕੇ 6 ਜੂਨ ਦੇ 'ਅੰਮਿ੍ਤਸਰ ਬੰਦ' ਦੇ ਸੱਦੇ ਸੰਬੰਧੀ ਸ਼ਹਿਰ ਦੇ ਕਾਰੋਬਾਰੀਆਂ ਨੂੰ ਕਾਰੋਬਾਰ-ਅਦਾਰੇ ਬੰਦ ਰੱਖਣ ਦੀ ਅਪੀਲ <br/>

ਦਲ ਖ਼ਾਲਸਾ ਜਥੇਬੰਦੀ ਦੇ ਕਾਰਕੁੰਨ 6 ਜੂਨ ਦੇ ਅੰਮਿ੍ਤਸਰ ਬੰਦ ਦੇ ਪ੍ਰੋਗਰਾਮ ਤਹਿਤ ਸ਼ਹਿਰ ਵਾਸੀ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕਰਦੇ ਹੋਏ ਅਤੇ ਬੰਦ ਦੇ ਸੱਦੇ ਸੰਬੰਧੀ ਪੋਸਟਰ ਲਗਾਉਣ ਜਾਂਦੇ ਹੋਏ ਪਾਰਟੀ ਆਗੂ ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਤੇ ਹੋਰ ਪਾਰਟੀ ਕਾਰਕੁੰਨ | ਤਸਵੀਰਾਂ : ਨਿਰਮਲ ਸਟੂਡੀਓ <br/> 03-06-2026
ਅੰਮਿ੍ਤਸਰ, 2 ਜੂਨ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਘੱਲੂਘਾਰਾ ਹਫ਼ਤੇ ਦੌਰਾਨ ਹਰ ਸਾਲ ਵਾਂਗ 6 ਜੂਨ ਦੇ ਅੰਮਿ੍ਤਸਰ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਲੋਕਾਂ ਵਿਚ ਚੇਤਨਤਾ ਪੈਦਾ ਕਰਨ ਤੇ ਉਨ੍ਹਾਂ ਦਾ ਸਹਿਯੋਗ ਲੈਣ ਦੇ ਮੰਤਵ ਨਾਲ ਅੱਜ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਇਲਾਕਿਆਂ ਵਿਚ ਫਲੈਕਸ ਬੋਰਡ, ਪੋਸਟਰ ਅਤੇ ਪੈਂਫਲੇਟ ਵੰਡੇ ਗਏ | ਇਸ ਮੁਹਿੰਮ ਦੀ ਅਗਵਾਈ ਪਾਰਟੀ ਆਗੂੁਆਂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਯੂਥ ਵਿੰਗ ਆਗੂ ਗੁਰਨਾਮ ਸਿੰਘ ਵਲੋਂ ਕੀਤੀ ਗਈ | ਪਾਰਟੀ ਆਗੂੁਆਂ ਤੇ ਕਾਰਕੁੰਨਾਂ ਨੇ ਸ਼ਹਿਰ ਦੇ ਦੁਕਾਨਦਾਰਾਂ, ਵਪਾਰੀਆਂ ਤੇ ਸ਼ਾਪਿੰਗ ਮਾਲਾਂ ਦੇ ਪ੍ਰਬੰਧਕਾਂ ਨੂੰ ਪੈਫਲਿਟ ਵੰਡ ਕੇ ਆਪਣੇ ਕਾਰੋਬਾਰ 6 ਨੂੰ ਬੰਦ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਾ, ਸਾਰਜ ਸਿੰਘ ਅਤੇ ਮਾਨ ਸਿੰਘ ਵੀ ਸ਼ਾਮਿਲ ਸਨ | ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਮੌਕੇ ਸਿੱਖ ਧਰਮ 'ਤੇ ਹਮਲਾ ਇਕ ਜ਼ਾਲਮਾਨਾ ਅਤੇ ਘਿਨਾਉਣਾ ਕਾਰਾ ਸੀ, ਜਿੱਥੇ ਸਿਰਫ਼ 72 ਘੰਟਿਆਂ ਦੇ ਅੰਦਰ ਸੈਂਕੜੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਤੱਕ ਸਟੇਟ ਦਾ ਦਿ੍ਸ਼ਟੀਕੋਣ ਸਿੱਖ ਵਿਰੋਧੀ ਹੀ ਚੱਲਿਆ ਆ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਫੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਨੂੰ ਜਨਤਕ ਕੀਤਾ ਜਾਵੇ ਅਤੇ ਸੰਯੁਕਤ ਰਾਸ਼ਟਰ ਅਧੀਨ ਇਸ ਦੀ ਅੰਤਰਰਾਸ਼ਟਰੀ ਏਜੰਸੀ ਕੋਲੋਂ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜੂਨ 1984 ਦੀਆਂ ਦਰਦਨਾਕ ਯਾਦਾਂ, ਜਦੋਂ ਬਹਾਦਰ ਸਿੱਖ ਆਪਣੇ ਧਰਮ ਸਥਾਨਾਂ ਦੀ ਅਜ਼ਮਤ ਲਈ ਭਾਰਤੀ ਫੌਜਾਂ ਨਾਲ ਆਖਰੀ ਸਾਹ ਤੱਕ ਜੂਝੇ ਸਨ, ਅੱਜ ਵੀ ਤਾਜ਼ਾ ਹਨ | ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਨੇ ਘੱਲੂਘਾਰਾ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੇ ਰੋਹ ਅਤੇ ਰੋਸ ਵਜੋਂ 6 ਜੂਨ ਨੂੰ ਅੰਮਿ੍ਤਸਰ ਬੰਦ ਦਾ ਸੱਦਾ ਦਿੱਤਾ ਹੈ ਤੇ ਇਸ ਹਮਲੇ ਦੀ 42ਵੀਂ ਵਰੇ੍ਹਗੰਢ ਮੌਕੇ 5 ਜੂਨ ਦੀ ਸ਼ਾਮ ਨੂੰ ਇਕ ਘੱਲੂਘਾਰਾ ਯਾਦਗਾਰੀ ਮਾਰਚ ਵੀ ਸ੍ਰੀ ਦਰਬਾਰ ਸਾਹਿਬ ਤੱਕ ਕੱਢਿਆ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ 6 ਜੂਨ ਦੇ ਅੰਮਿ੍ਤਸਰ ਬੰਦ ਦੌਰਾਨ ਮੈਡੀਕਲ ਸਟੋਰ ਤੇ ਹਸਪਤਾਲ ਆਮ ਵਾਂਗ ਖੁੱਲੇ ਰਹਿਣਗੇ ਅਤੇ ਆਵਾਜਾਈ ਵੀ ਨਹੀਂ ਰੋਕੀ ਜਾਵੇਗੀ | ਉਨ੍ਹਾਂ ਸ਼ਹਿਰ ਦੇ ਹਿੰਦੂ, ਮੁਸਲਿਮ ਅਤੇ ਈਸਾਈ ਭਾਈਚਾਰੇ ਨੂੰ ਸਿੱਖ ਪੀੜ੍ਹ ਨਾਲ ਆਪਣੀ ਸਾਂਝ ਪਾਉਣ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਰੈਸਟੋਰੈਂਟ ਦੀ ਰਸੋਈ 'ਚ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਮਰਹੂਮ ਸੇਵਕ ਮੁਖਤਾਰ ਸਿੰਘ ਰਤਨਗੜ੍ਹ ਦੇ ਗ੍ਰਹਿ ਪੁੱਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।